ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਪਹਿਲੇ ਵਰਚੁਅਲ ਸਿਖ਼ਰ ਸੰਮੇਲਨ ਵਿਚ ਦੋਵਾਂ ਮੁਲਕਾਂ ਦਰਮਿਆਨ ਭਵਿੱਖੀ ਭਾਈਵਾਲੀ ਦੇ ਵੱਖ-ਵੱਖ ਪੱਖਾਂ ’ਤੇ ਵਿਚਾਰ-ਚਰਚਾ ਕਰਨਗੇ। ਗੁਆਂਢੀ ਮੁਲਕ ਜੋ ਕਿ ਨੇੜਲੇ ਭਾਈਵਾਲ ਹਨ, ਦੁਨੀਆ ਦੀ ਸਭ ਤੋਂ ਵੱਡੀ ਸਰਹੱਦ ਸਾਂਝੀ ਕਰਦੇ ਹਨ। ਦੋਵਾਂ ਮੁਲਕਾਂ ਵਿਚਾਲੇ ਖ਼ਰਬਾਂ ਡਾਲਰ ਦਾ ਵਪਾਰ ਹੁੰਦਾ ਹੈ। ਵਾਈਟ ਹਾਊਸ ਨੇ ਕਿਹਾ ਕਿ ਬਾਇਡਨ ਤੇ ਟਰੂਡੋ ਦੀ ਗੱਲਬਾਤ ਦੌਰਾਨ ਭਵਿੱਖ ਵਿਚ ਪਾਈ ਜਾਣ ਵਾਲੀ ਸਾਂਝ ਬਾਰੇ ਖੁਲਾਸਾ ਕੀਤਾ ਜਾਵੇਗਾ। ਇਸ ਦੌਰਾਨ ਦੋਵਾਂ ਸਰਕਾਰਾਂ ਵਿਚਾਲੇ ਰਿਸ਼ਤਿਆਂ, ਸਾਂਝੇ ਹਿੱਤਾਂ, ਮਹਾਮਾਰੀ ਤੇ ਆਲਮੀ ਸਿਹਤ ਸੁਰੱਖਿਆ ਜਿਹੇ ਪੱਖ ਵਿਚਾਰੇ ਜਾਣਗੇ। ਇਸ ਤੋਂ ਇਲਾਵਾ ਜਲਵਾਯੂ ਤਬਦੀਲੀ ਤੇ ਰੱਖਿਆ-ਸੁਰੱਖਿਆ ਨਾਲ ਜੁੜੀਆਂ ਸਾਂਝੀਆਂ ਤਰਜੀਹਾਂ ’ਤੇ ਵੀ ਧਿਆਨ ਕੇਂਦਰਤ ਕੀਤਾ ਜਾਵੇਗਾ।