ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਆਪਣੇ ਪ੍ਰਸ਼ਾਸਨ ਦੇ ਅਹਿਮ ਅਹੁਦਿਆਂ ’ਤੇ 13 ਮਹਿਲਾਵਾਂ ਸਮੇਤ ਘੱਟ ਤੋਂ ਘੱਟ 20 ਭਾਰਤੀ-ਅਮਰੀਕੀਆਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ 20 ਭਾਰਤੀ ਅਮਰੀਕੀਆਂ ’ਚੋਂ ਘੱਟ ਤੋਂ ਘੱਟ 17 ਜਣੇ ਵ੍ਹਾਈਟ ਹਾਊਸ ’ਚ ਅਹਿਮ ਅਹੁਦੇ ਸੰਭਾਲਣਗੇ। ਬਾਇਡਨ 20 ਜਨਵਰੀ ਨੂੰ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ ਅਤੇ ਇਸੇ ਦਿਨ ਕਮਲਾ ਹੈਰਿਸ ਦੇਸ਼ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਵਜੋਂ ਕਾਰਜਭਾਰ ਸੰਭਾਲੇਗੀ। ਹੈਰਿਸ ਅਮਰੀਕਾ ’ਚ ਭਾਰਤੀ ਮੂਲ ਦੀ ਪਹਿਲੀ ਉਪ ਰਾਸ਼ਟਰਪਤੀ ਹੋਵੇਗੀ। ਉਹ ਇਹ ਕਾਰਜਭਾਰ ਸੰਭਾਲਣ ਵਾਲੀ ਪਹਿਲੀ ਅਫਰੀਕੀ-ਅਮਰੀਕੀ ਵੀ ਹੋਵੇਗੀ।