ਕਰੋਨਾ ਟੀਕਾਕਰਨ ਮੁਹਿੰਮ ਅਮਰੀਕਾ ’ਚ ਸ਼ੁਰੂ

0
861

ਵਾਸ਼ਿੰਗਟਨ: ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਪ-ਰਾਸ਼ਟਰਪਤੀ ਮਾਈਕ ਪੈਂਸ ਨਾਲ ਕੰਮ ਕਰਨ ਵਾਲੇ ਵਾਈਟ ਹਾਊਸ ਦੇ ਕੁਝ ਸੀਨੀਅਰ ਅਧਿਕਾਰੀਆਂ ਨੂੰ ਇਸ ਹਫ਼ਤੇ ਕਰੋਨਾਵਾਇਰਸ ਵੈਕਸੀਨ ਦਾ ਟੀਕਾ ਲਾਇਆ ਜਾਵੇਗਾ, ਜਦਕਿ ਇਸ ਦੀ ਜਨਤਕ ਵੰਡ ਅਜੇ ਤੱਕ ਕੇਵਲ ਮੂਹਰਲੀ ਕਤਾਰ ਦੇ ਸਿਹਤ ਕਾਮਿਆਂ, ਨਰਸਿੰਗ ਹੋਮਜ਼ ਤੇ ਸੰਭਾਲ ਘਰਾਂ ਵਿੱਚ ਕੰਮ ਕਰਦੇ ਲੋਕਾਂ ਤੱਕ ਸੀਮਤ ਹੈ। ਪਹਿਲਾ ਵੈਕਸੀਨ ਨਰਸ ਨੂੰ ਦਿੱਤਾ ਗਿਆ ਹੈ। ਇਸ ਮਾਮਲੇ ਤੋਂ ਜਾਣੂ ਦੋ ਵਿਅਕਤੀਆਂ ਨੇ ਪੁਸ਼ਟੀ ਕੀਤੀ ਕਿ ਪ੍ਰਵਾਨਗੀ ਪ੍ਰਾਪਤ ਨਵੀਂ ਫਾਈਜ਼ਰ ਵੈਕਸੀਨ ਮੁਲਕ ਦੇ ਸਿਖ਼ਰਲੇ ਦਫ਼ਤਰ ਦੇ ਅਧਿਕਾਰੀਆਂ ਨੂੰ ਉਪਲੱਬਧ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਕਦਮ ਵਾਈਟ ਹਾਊਸ ਵਿੱਚ ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਚੁੱਕਿਆ ਗਿਆ ਹੈ, ਜਿੱਥੇ ਪਹਿਲਾਂ ਹੀ ਟਰੰਪ ਅਤੇ ਹੋਰ ਉੱਚ ਅਧਿਕਾਰੀਆਂ ਸਣੇ ਕਈ ਜਣੇ ਪਾਜ਼ੇਟਿਵ ਹੋ ਚੁੱਕੇ ਹਨ। ਦੋਵਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਉਹ ਇਸ ਮਾਮਲੇ ਬਾਰੇ ਜਨਤਕ ਤੌਰ ’ਤੇ ਚਰਚਾ ਕਰਨ ਲਈ ਅਧਿਕਾਰਤ ਨਹੀਂ ਹਨ।