ਗੁਹਾਟੀ: ਆਸਾਮ ’ਚ 18 ਜਥੇਬੰਦੀਆਂ ਵਲੋਂ ਅੱਜ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਖ਼ਿਲਾਫ਼ ਰੋਸ ਮੁਜ਼ਾਹਰੇ ਸ਼ੁਰੂ ਕੀਤੇ ਗਏ। ਸੰਸਥਾਵਾਂ ਨੇ ਮੁਜ਼ਾਹਰਿਆਂ ਦੌਰਾਨ ਉਕਤ ਕਾਨੂੰਨ ਰੱਦ ਅਤੇ ਪਿਛਲੇ ਵਰ੍ਹੇ ਪ੍ਰਦਰਸ਼ਨਾਂ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਕੇਐੱਮਐੱਸਐੱਸ ਨੇਤਾ ਅਖਿਲ ਗੋਗੋਈ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਕ੍ਰਿਸ਼ਕ ਮੁਕਤੀ ਸੰਗਰਾਮ ਸਮਿਤੀ, ਆਲ ਅਸਾਮ ਸਟੂਡੈਂਟਸ ਯੂਨੀਅਨ (ਏਏਐੱਸੂ), ਅਸਾਮ ਜਤੀਆਤਾਬਦੀ ਯੁਵਾ ਵਿਦਿਆਰਥੀ ਪ੍ਰੀਸ਼ਦ (ਏਜੇਵਾਈਸੀਪੀ), ਲਛਿਤ ਸੈਨਾ ਸਣੇ ਕਈ ਸੰਸਥਾਵਾਂ ਵੱਲੋਂ ਸੀਏਏ ਖ਼ਿਲਾਫ਼ ਸੂਬੇ ਭਰ ’ਚ ਰੈਲੀਆਂ ਕੱਢੀਆਂ ਗਈਆਂ। ਇਹ ਮੁਜ਼ਾਹਰਾ ਸਿਵਾਸਾਗਰ ਤੋਂ ਸ਼ੁਰੂ ਕੀਤਾ ਗਿਆ, ਜਿੱਥੇ ਪਿਛਲੇ ਸਾਲ ਕਰੋਨਾ ਮਹਾਮਾਰੀ ਕਾਰਨ ਇਸ ਨੂੰ ਰੋਕਿਆ ਗਿਆ ਸੀ। ਮੁਜ਼ਾਹਰਾਕਾਰੀਆਂ ਨੇ ਕਿਹਾ ਕਿ ਸੀਏਏ ਸੂਬੇ ਦੇ ਮੂਲ ਨਿਵਾਸੀ ਲੋਕਾਂ ਦੀ ਪਛਾਣ, ਭਾਸ਼ਾ ਅਤੇ ਸੱਭਿਆਚਾਰਕ ਵਿਰਾਸਤ ਦੇ ਖ਼ਿਲਾਫ਼ ਹੈ। ਉਨ੍ਹਾਂ ਨੇ ਕੇਐੱਸਐੱਸਐੱਮ ਨੇ ਅਖਿਲ ਗੋਗੋਈ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ। ਰੈਲੀਆਂ ਦੌਰਾਨ ਸੰਗਠਨਾਂ ਦੇ ਨੇਤਾਵਾਂ ਨੇ ਕਿਹਾ ਕਿ ਵਿਰੋਧ ਦੇ ਬਾਵਜੂਦ ਸੀਏਏ ਕਾਨੂੰਨ ਲਾਗੂ ਕੀਤੇ ਜਾਣ ਤੋਂ ਖਫ਼ਾ ਲੋਕ ਚੋਣਾਂ ’ਚ ਭਾਜਪਾ ਨੂੰ ਢੁੱਕਵਾਂ ਜਵਾਬ ਦੇਣਗੇ।