ਬਾਇਡਨ ਨੂੰ ਜਿਤਾਉਣ ਲਈ ਚੋਣਾਂ ’ਚ ਗੜਬੜੀ ਹੋਈ: ਟਰੰਪ

0
928

ਵਾਸ਼ਿੰਗਟਨ: ਮੌਜੂਦਾ ਰਾਸ਼ਟਰਪਤੀ ਡੋਨਲਡ ਟਰੰਪ ਚੋਣਾਂ ’ਚ ਹਾਰ ਮੰਨਣ ਲਈ ਤਿਆਰ ਨਹੀਂ ਹਨ ਅਤੇ ਉਨ੍ਹਾਂ ਫਿਰ ਦੁਹਰਾਇਆ ਹੈ ਕਿ ਜੋਅ ਬਾਇਡਨ ਨੂੰ ਜਿਤਾਉਣ ਲਈ ਚੋਣਾਂ ’ਚ ਗੜਬੜੀ ਕੀਤੀ ਗਈ। ਜੌਰਜੀਆ ’ਚ ਚੋਣਾਂ ਤੋਂ ਬਾਅਦ ਪਹਿਲੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਇਹ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਉਹ ਰਾਸ਼ਟਰਪਤੀ ਚੋਣ ਜਿੱਤਣਗੇ ਅਤੇ ਲੋਕਾਂ ਨੂੰ ਸਚਾਈ ਦਾ ਪਤਾ ਲੱਗ ਜਾਵੇਗਾ। ਸੈਨੇਟ ਚੋਣਾਂ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ ਕਰਦਿਆਂ ਉਨ੍ਹਾਂ ਕਿਹਾ,‘‘ਸਾਡੀਆਂ ਰਾਸ਼ਟਰਪਤੀ ਚੋਣਾਂ ’ਚ ਉਨ੍ਹਾਂ ਧੋਖਾ ਅਤੇ ਗੜਬੜੀ ਕੀਤੀ। ਉਹ ਹੁਣ ਇਸ ਚੋਣ ’ਚ ਵੀ ਗੜਬੜੀ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।’’ ਟਰੰਪ ਨੇ ਝੂਠਾ ਦਾਅਵਾ ਕਰਦਿਆਂ ਆਪਣੇ ਭਾਸ਼ਨ ਦੀ ਸ਼ੁਰੂਆਤ ਕੀਤੀ ਕਿ ਉਹ ਜੌਰਜੀਆ ’ਚ ਚੋਣ ਜਿੱਤ ਗੲੇ ਹਨ ਜਦਕਿ ਬਾਇਡਨ ਨੂੰ ਇਥੋਂ ਜੇਤੂ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ 5 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ’ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਕਿਹਾ। ਰੈਲੀ ਦੌਰਾਨ ਟਰੰਪ ਦੇ ਹੱਕ ’ਚ ਨਾਅਰੇ ਵੀ ਲਗਦੇ ਰਹੇ। ਟਰੰਪ ਨੇ ਕਿਹਾ ਕਿ ਲੋਕ ਘਰਾਂ ’ਚ ਹੀ ਨਾ ਬੈਠੇ ਰਹਿਣ ਸਗੋਂ ਭਾਰੀ ਮਤਦਾਨ ਕਰਕੇ ਡੈਮੋਕਰੈਟਾਂ ਤੋਂ ਬਦਲਾ ਲੈਣ। ਉਨ੍ਹਾਂ ਦੋਸ਼ ਲਾਇਆ ਕਿ ਹਰ ਸੂਬੇ ’ਚ ਹਜ਼ਾਰਾਂ ਗ਼ੈਰਕਾਨੂੰਨੀ ਵੋਟਾਂ ਪਾਈਆਂ ਗਈਆਂ ਅਤੇ ਪੈਨਸਿਲਵੇਨੀਆ ’ਚ ਪੋਲਿੰਗ ਸਟੇਸ਼ਨਾਂ ਤੋਂ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ ਸੀ। ਉਂਜ ਅਧਿਕਾਰੀਆਂ ਅਤੇ ਮੀਡੀਆ ਦਾ ਮੰਨਣਾ ਹੈ ਕਿ ਚੋਣਾਂ ’ਚ ਗੜਬੜੀ ਦੇ ਅਜੇ ਤੱਕ ਕੋਈ ਸਬੂਤ ਨਹੀਂ ਮਿਲੇ ਹਨ।