ਕੁੱਤੇ ਨਾਲ ਖੇਡਦਿਆਂ ਬਾਇਡਨ ਦਾ ਪੈਰ ਟੁੱਟਿਆ

0
1017

ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਆਪਣੇ ਕੁੱਤੇ ਨਾਲ ਖੇਡਦਿਆਂ ਪੈਰ ਤੁੜਾ ਬੈਠੇ ਹਨ। ਡੈਮੋਕਰੈਟਿਕ ਆਗੂ ਦੇ ਡਾਕਟਰ ਮੁਤਾਬਕ ਬਾਇਡਨ ਦੇ ਪੈਰ ਦੇ ਐਨ ਵਿਚਾਲੇ ਮਾਮੂਲੀ ਜਿਹਾ ਫਰੈਕਚਰ ਆਇਆ ਹੈ, ਜਿਸ ਲਈ ਉਨ੍ਹਾਂ ਨੂੰ ਅਗਲੇ ਕੁਝ ਹਫ਼ਤੇ ਪੈਰ ਵਿੱਚ (ਵਾਕਿੰਗ) ਬੂਟ ਪਾ ਕੇ ਰੱਖਣਾ ਹੋਵੇਗਾ। ਜਾਣਕਾਰੀ ਅਨੁਸਾਰ ਬਾਇਡਨ ਸ਼ਨਿੱਚਰਵਾਰ ਨੂੰ ਜਰਮਨ ਸ਼ੈਫਰਡ ਨਸਲ ਦੇ ਆਪਣੇ ਕੁੱਤੇ ‘ਮੇਜਰ’ ਨਾਲ ਖੇਡ ਰਹੇ ਸਨ ਕਿ ਪੈਰ ਤਿਲਕਣ ਨਾਲ ਉਨ੍ਹਾਂ ਦਾ ਗਿੱਟਾ ਮੁੜ ਗਿਆ। ਬਾਇਡਨ ਨੇ ਅਜੇ ਦਸ ਦਿਨ ਪਹਿਲਾਂ 20 ਨਵੰਬਰ ਨੂੰ ਆਪਣਾ 78ਵਾਂ ਜਨਮ ਦਿਨ ਮਨਾਇਆ ਸੀ। ਅਗਲੇ ਸਾਲ 20 ਜਨਵਰੀ ਨੂੰ ਮੁਲਕ ਦੇ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਮੌਕੇ ਉਹ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਵਡੇਰੀ ਉਮਰ ਦੇ ਰਾਸ਼ਟਰਪਤੀ ਬਣ ਜਾਣਗੇ। ਬਾਇਡਨ ਦੇ ਫਿਜ਼ੀਸ਼ੀਅਨ ਡਾ.ਕੈਵਿਨ ਓ’ਕੌਨਰ ਨੇ ਇਕ ਬਿਆਨ ਵਿੱਚ ਕਿਹਾ, ‘ਸ਼ੁਰੂਆਤੀ ਐਕਸਰੇਅ ਵਿਚ ਫਰੈਕਚਰ ਨੂੰ ਲੈ ਕੇ ਕੁਝ ਨਜ਼ਰ ਨਹੀਂ ਆਇਆ, ਪਰ ਕਲੀਨਿਕਲ ਜਾਂਚ ਤੋਂ ਤਫ਼ਸੀਲੀ ਇਮੇਜਿੰਗ (ਐਕਸਰੇਅ) ਦੀ ਲੋੜ ਮਹਿਸੂਸ ਹੋਈ। ਮਗਰੋਂ ਸੀਟੀ ਸਕੈਨ ਵਿੱਚ ਪੈਰ ਤੇ ਗਿੱਟੇ ਦੇ ਐਨ ਵਿਚਾਲੇ ਮਾਮੂਲੀ ਫਰੈਕਚਰ ਦੀ ਪੁਸ਼ਟੀ ਹੋ ਗਈ। ਬਾਇਡਨ ਨੂੰ ਅਗਲੇ ਕੁਝ ਹਫ਼ਤਿਆਂ ਲਈ ਵਾਕਿੰਗ ਬੂਟ ਦੀ ਲੋੜ ਪੈ ਸਕਦੀ ਹੈ।’ ਇਸ ਦੌਰਾਨ ਅਮਰੀਕੀ ਸਦਰ ਤੇ ਰਾਸ਼ਟਰਪਤੀ ਚੋਣਾਂ ਵਿੱਚ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਨੇ ਇਕ ਟਵੀਟ ਕਰਕੇ ਬਾਇਡਨ ਦੇ ਜਲਦੀ ਹੀ ਤੰਦਰੁਸਤ ਹੋਣ ਦੀ ਕਾਮਨਾ ਕੀਤੀ ਹੈ। ਡਾ.ਓ’ਕੌਨਰ ਨੇ ਪਿਛਲੀ ਵਾਰ ਬਾਇਡਨ ਦਾ ਸਿਹਤ ਰਿਕਾਰਡ ਦਸੰਬਰ 2019 ’ਚ ਰਿਲੀਜ਼ ਕੀਤਾ ਸੀ।