ਬਠਿੰਡਾ: ਕਈ ਮਹੀਨਿਆਂ ਦਾ ਰਾਸ਼ਨ ਲੈ ਕੇ ਦਿੱਲੀ ਵੱਲ ਕੂਚ ਕਰਨ ਵਾਲੇ ਕਿਸਾਨਾਂ ਨੂੰ ਪੰਜਾਬ ਤੇ ਹਰਿਆਣਾ ਦੀ ਹੱਦ ‘ਤੇ ਪੁਲਿਸ ਨੇ ਰੋਕ ਲਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਇਕੱਠੇ ਹੋਏ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨਾਂ ਨੇ ਧਰਨਾ ਸ਼ੁਰੂ ਕਰ ਦਿੱਤਾ
ਹੈ। ਖਾਸ ਗੱਲ ਹੈ ਕਿ ਵੱਡੀ ਗਿਣਤੀ ‘ਚ ਬੀਬੀਆਂ ਵੀ ਘਰ-ਬਾਰ ਛੱਡ ਕੇ ਕਿਸਾਨਾਂ ਦੇ ਸੰਘਰਸ਼ ‘ਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ ਰਹੀਆਂ ਹਨ।
ਕਿਸਾਨਾਂ ਨੇ ਧਰਨੇ ਵਾਲੀ ਜਗ੍ਹਾ ‘ਤੇ ਬਕਾਇਦਾ ਟੈਂਟ ਲਾ ਕੇ ਸਟੇਜ ਤਿਆਰ ਕਰ ਲਈ ਹੈ।
ਪਹਿਲਾਂ ਵੱਡੇ-ਵੱਡੇ ਪੱਥਰਾਂ ਤੋਂ ਬਾਅਦ ਬੈਰੀਕੇਡ ਲਾਏ ਗਏ, ਜਿਸ ਤੋਂ ਬਾਅਦ ਟਾਇਰਾਂ ਦੀ ਹਵਾ ਕੱਢ ਕੇ ਟਰਾਲੇ ਖੜ੍ਹੇ ਕੀਤੇ ਹਨ ਤਾਂ ਕਿ ਜੇ ਕਿਸਾਨ ਪੱਥਰਾਂ ਤੇ ਬੈਰੀਕੇਡ ਤੋੜ ਕੇ ਅੱਗੇ ਲੰਘਦੇ ਹਨ ਤਾਂ ਉਨ੍ਹਾਂ ਟਰਾਲਿਆਂ ਦੀ ਸਹਾਇਤਾ ਨਾਲ ਰੋਕਿਆ ਜਾ
ਸਕੇ। ਕਿਸਾਨਾਂ ਨੇ ਧਰਨੇ ਵਾਲੀ ਜਗ੍ਹਾ ‘ਤੇ ਲੰਗਰ ਬਣਾਉਣਾ ਸ਼ੁਰੂ ਕਰ ਦਿੱਤਾ। ਕਿਸਾਨ ਖਾਣਾ ਬਣਾਉਣ ਲਈ ਰਾਸ਼ਨ ਪਾਣੀ ਤੋਂ ਇਲਾਵਾ ਲੱਕੜਾਂ ਆਦਿ ਵੀ ਲੈ ਕੇ ਗਏ
ਹਨ।