ਕਿਸਾਨਾਂ ’ਚ ਖੇਤੀ ਕਾਨੂੰਨ ਬਣਨ ਮਗਰੋਂ ਰੋਹ ਵਧਿਆ

0
1290

ਚੰਡੀਗੜ੍ਹ: ਰਾਸ਼ਟਰਪਤੀ ਵੱਲੋਂ ਖੇਤੀ ਬਿੱਲਾਂ ਨੂੰ ਪ੍ਰਵਾਨਗੀ ਦਿੱਤੇ ਜਾਣ ਮਗਰੋਂ ਪੰਜਾਬ ’ਚ ਕਿਸਾਨਾਂ ਦਾ ਗੁੱਸਾ ਸੱਤਵੇਂ ਅਸਮਾਨ ’ਤੇ ਪਹੁੰਚ ਗਿਆ ਹੈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਨੇ ਅੱਜ ਚੌਥੇ ਦਿਨ ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਚ ਅੰਮ੍ਰਿਤਸਰ-ਦਿੱਲੀ, ਫਿਰੋਜ਼ਪੁਰ-ਬਠਿੰਡਾ, ਫਿਰੋਜ਼ਪੁਰ-ਲੁਧਿਆਣਾ ਅਤੇ ਫਿਰੋਜ਼ਪੁਰ-ਜਲੰਧਰ ਰੇਲ ਮਾਰਗ ’ਤੇ ਨੰਗੇ ਧੜ ਧਰਨੇ ਦਿੱਤੇ। ਭਲਕੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਰੇਲ ਮਾਰਗਾਂ ’ਤੇ ਕਿਸਾਨ ਕੇਸਰੀ ਪੱਗਾਂ ਬੰਨ੍ਹ ਕੇ ਅਤੇ ਔਰਤਾਂ ਕੇਸਰੀ ਦੁਪੱਟੇ ਲੈ ਕੇ ਵਿਸ਼ਾਲ ਰੈਲੀਆਂ ਕਰਨਗੇ। ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਦੱਸਿਆ ਕਿ ਭਲਕੇ ਸੰਘਰਸ਼ ਕਮੇਟੀ ਦੀ ਮੀਟਿੰਗ ਬੁਲਾ ਲਈ ਗਈ ਹੈ ਜਿਸ ’ਚ ਅਗਲਾ ਪ੍ਰੋਗਰਾਮ ਉਲੀਕਿਆ ਜਾਵੇਗਾ। ਉਨ੍ਹਾਂ ਆਖਿਆ ਕਿ ਖੇਤੀ ਕਾਨੂੰਨ ਬਣਨ ਕਰਕੇ ਹੁਣ ਕਿਸਾਨ ਆਪੇ ਤੋਂ ਬਾਹਰ ਹੋਣ ਲੱਗ ਪਏ ਹਨ। ਬੀਕੇਯੂ (ਰਾਜੇਵਾਲ) ਅਤੇ ਬੀਕੇਯੂ (ਲੱਖੋਵਾਲ) ਸਮੇਤ 13 ਕਿਸਾਨ ਧਿਰਾਂ ਨੇ ਸੰਘਰਸ਼ ਦੀ ਅਗਲੀ ਰਣਨੀਤੀ ਲਈ ਭਲਕੇ 28 ਸਤੰਬਰ ਨੂੰ ਲੁਧਿਆਣਾ ਦੇ ਗੁਰਦੁਆਰਾ ਆਲਮਗੀਰ ’ਚ ਐਮਰਜੈਂਸੀ ਮੀਟਿੰਗ ਸੱਦ ਲਈ ਹੈ। ਬੀਕੇਯੂ (ਲੱਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਖੇਤੀ ਕਾਨੂੰਨ ਬਣ ਜਾਣ ਕਾਰਨ ਫੌਰੀ ਮੀਟਿੰਗ ਸੱਦੀ ਗਈ ਹੈ ਜਿਸ ਵਿਚ ਅਗਲਾ ਪੈਂਤੜਾ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਰਾਸ਼ਟਰਪਤੀ ਵੱਲੋਂ ਕਿਸਾਨਾਂ ਦੀ ਮੌਤ ਦੇ ਵਾਰੰਟਾਂ ’ਤੇ ਇਹ ਦਸਤਖ਼ਤ ਕੀਤੇ ਗਏ ਹਨ।