ਬ੍ਰਿਟਿਸ਼ ਸੰਸਦ ‘ਤੇ ਹਮਲੇ ‘ਚ 8 ਵਿਅਕਤੀ ਦਬੋਚੇ ਕੈਨੇਡਾ ਸੰਸਦ ਦੀ ਸੁਰੱਖਿਆ ਵਧਾਈ

0
4266

ਲੰਡਨ : ਬਰਤਾਨਵੀ ਸੰਸਦ ਉਤੇ ਅਤਿਵਾਦੀ ਹਮਲੇ ਮਗਰੋਂ ਲੰਡਨ ਤੇ ਬਰਮਿੰਘਮ ਵਿੱਚ ਅਤਿਵਾਦ ਵਿਰੋਧੀ ਅਧਿਕਾਰੀਆਂ ਵੱਲੋਂ ਮਾਰੇ ਛਾਪਿਆਂ ਦੌਰਾਨ ਅੱਠ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਹਮਲੇ ਵਿੱਚ ਹਮਲਾਵਰ ਸਣੇ ਚਾਰ ਜਣੇ ਮਾਰੇ ਗਏ ਅਤੇ 40 ਹੋਰ ਜ਼ਖ਼ਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਆਈਐਸਆਈਐਸ ਨੇ ਲਈ ਹੈ। ਜਥੇਬੰਦੀ ਵੱਲੋਂ ਆਪਣੇ ਪ੍ਰਚਾਰ ਲਈ ਬਣਾਈ ਖ਼ਬਰ ਏਜੰਸੀ ‘ਅਮਾਕ’ ਨੇ ਕਿਹਾ ਕਿ ‘‘ਖਲੀਫ਼ਾ ਦੇ ਸਿਪਾਹ” ਨੇ ਬਰਤਾਨਵੀ ਸੰਸਦ ਉਤੇ ਹਮਲੇ ਨੂੰ ਅੰਜ਼ਾਮ ਦਿੱਤਾ। ਸਕਾਟਲੈਂਡ ਯਾਰਡ ਦੇ ਕਾਰਜਕਾਰੀ ਡਿਪਟੀ ਕਮਿਸ਼ਨਰ ਅਤੇ ਅਤਿਵਾਦ ਵਿਰੋਧੀ ਦਸਤੇ ਦੇ ਮੁਖੀ ਮਾਰਕ ਰਾਓਲੇ ਨੇ ਕਿਹਾ ਕਿ ਜਾਂਚ ਅਹਿਮ ਪੜਾਅ ਵਿੱਚ ਹੈ ਅਤੇ ਹਮਲਾਵਰ ਦੀ ਪਛਾਣ ਖਾਲਿਦ ਮਸੂਦ (52 ਸਾਲ) ਵਜੋਂ ਹੋਈ ਹੈ। ਮਿਡਲੈਂਡ ਪੁਲੀਸ ਅਧਿਕਾਰੀਆਂ ਨੇ ਸ਼ਹਿਰ ਦੇ ਇਕ ਫਲੈਟ ਵਿੱਚ ਛਾਪਾ ਮਾਰਿਆ। ਮੰਨਿਆ ਜਾ ਰਿਹਾ ਹੈ ਕਿ ਇਹ ਫਲੈਟ ਹਮਲਾਵਰ ਦਾ ਸੀ। ਇੱਥੋਂ ਕਈ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਹਮਲਾਵਰ ਕਾਰ ਨੂੰ ਤੇਜ਼ੀ ਨਾਲ ਭਜਾ ਕੇ ਲਿਆਇਆ ਅਤੇ ਸੰਸਦ ਦੇ ਗੇਟ ਉਤੇ ਇਕ ਪੁਲੀਸ ਅਫ਼ਸਰ ਨੂੰ ਚਾਕੂ ਮਾਰ ਦਿੱਤਾ। ਇਸ ਮਗਰੋਂ ਸਕਾਟਲੈਂਡ ਯਾਰਡ ਦੇ ਅਫ਼ਸਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਸ਼ੱਕੀ ਅਤਿਵਾਦੀ ਨੇ ਵੈਸਟਮਨਿਸਟਰ ਬ੍ਰਿਜ ਉਤੇ ਰਾਹਗੀਰਾਂ ਨੂੰ ਕੁਚਲਣ ਲਈ ਜਿਸ ਕਾਰ ਦੀ ਵਰਤੋਂ ਕੀਤੀ ਸੀ, ਉਹ ਬਰਮਿੰਘਮ ਦੇ ਸੋਲੀਹਲ ਇਲਾਕੇ ਤੋਂ ਕਿਰਾਏ ‘ਤੇ ਲਈ ਗਈ ਸੀ। ਹਮਲੇ ਵਿੱਚ ਪੁਲੀਸ ਅਫ਼ਸਰ ਪੀਸੀ ਕੀਥ ਪਾਲਮਰ ਦੀ ਮੌਤ ਦੇ ਸੋਗ ਵਜੋਂ ਲੰਡਨ ਦੇ ਨਿਊ ਸਕਾਟਲੈਂਡ ਯਾਰਡ ਵਿੱਚ ਝੰਡਾ ਅੱਧਾ ਝੁਕਾਇਆ ਗਿਆ। ਹਮਲੇ ਦੇ ਮੱਦੇਨਜ਼ਰ ਕੈਨੇਡਾ ਨੇ ਆਪਣੀ ਸੰਸਦ ਦੁਆਲੇ ਸੁਰੱਖਿਆ ਪੁਖ਼ਤਾ ਕਰ ਦਿੱਤੀ। ਸਿੱਖ ਫੈਡਰੇਸ਼ਨ (ਯੂਕੇ) ਨੇ ਹਮਲੇ ਦੀ ਨਿਖੇਧੀ ਕਰਦਿਆਂ ਸਭ ਤਰ੍ਹਾਂ ਦੀ ਹਿੰਸਾ ਤੇ ਅਤਿਵਾਦ ਵਿਰੁੱਧ ਇਕਜੁੱਟ ਹੋਣ ਦਾ ਸੱਦਾ ਦਿੱਤਾ। ਫੈਡਰੇਸ਼ਨ ਨੇ ਸਿੱਖਾਂ ਨੂੰ ਸ਼ਾਂਤ ਤੇ ਜ਼ਿਆਦਾ ਚੌਕਸ ਰਹਿਣ ਦੀ ਅਪੀਲ ਕੀਤੀ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਡਨ ਅਤਿਵਾਦੀ ਹਮਲੇ ਉਤੇ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਭਾਰਤ ਬਰਤਾਨੀਆ ਨਾਲ ਖੜ੍ਹਾ ਹੈ।