ਹੇਮਕੁੰਟ ਸਾਹਿਬ ਦੀ ਯਾਤਰਾ 4 ਸਤੰਬਰ ਤੋਂ

0
1905

ਅੰਮ੍ਰਿਤਸਰ: ਕਰੋਨਾ ਮਹਾਮਾਰੀ ਕਾਰਨ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਇਸ ਵਾਰ ਤਿੰਨ ਮਹੀਨੇ ਪੱਛੜ ਕੇ 4 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ ਜੋ ਇਕ ਮਹੀਨਾ ਚੱਲੇਗੀ। ਯਾਤਰਾ ਦੀ ਸ਼ੁਰੂਆਤ ਲਈ ਉਤਰਾਖੰਡ ਦੇ ਗੁਰਦੁਆਰਾ ਗੋਬਿੰਦਘਾਟ ਵਿਖੇ ਅੱਜ ਅਖੰਡ ਪਾਠ ਆਰੰਭ ਕੀਤੇ ਗਏ ਹਨ। ਲਗਪਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਾਪਤ ਗੁਰਦੁਆਰਾ ਹੇਮਕੁੰਟ ਸਾਹਿਬ ਵਿਖੇ ਸਵੇਰੇ ਚਾਰ ਸਤੰਬਰ ਨੂੰ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ। ਫੌਜੀ ਬੈਂਡ ਅਤੇ ਸੰਗਤ ਦੀ ਹਾਜ਼ਰੀ ਵਿਚ ਸੁੱਖ ਅਸਥਾਨ ਤੋਂ ਪਾਵਨ ਸਰੂਪ ਜੈਕਾਰਿਆਂ ਦੀ ਗੂੰਜ ਵਿਚ ਦੀਵਾਨ ਹਾਲ ਲਿਆਂਦਾ ਜਾਵੇਗਾ ਜਿਥੇ ਪਹਿਲੀ ਅਰਦਾਸ ਅਤੇ ਹੁਕਮਨਾਮੇ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋਵੇਗਾ।

ਹੇਮਕੁੰਟ ਸਾਹਿਬ ਟਰਸੱਟ ਵਲੋਂ ਯਾਤਰਾ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਜਿਸ ਤਹਿਤ ਹਰਿਦੁਆਰ ਤੋਂ ਹੇਮਕੁੰਟ ਸਾਹਿਬ ਤਕ ਸੱਤ ਗੁਰਦੁਆਰਿਆਂ ਵਿਚ ਲੋੜੀਂਦਾ ਅਮਲਾ ਤਾਇਨਾਤ ਕੀਤਾ ਗਿਆ ਹੈ। ਇਥੇ ਸੰਗਤ ਦੀ ਰਿਹਾਇਸ਼ ਅਤੇ ਮੈਡੀਕਲ ਸਹੂਲਤਾਂ ਦੇ ਪ੍ਰਬੰਧ ਕੀਤੇ ਗਏ ਹਨ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਬਰਫ ਹਟਾ ਦਿੱਤੀ ਗਈ ਹੈ ਤੇ ਗੁਰਦੁਆਰਾ ਗੋਬਿੰਦ ਘਾਟ ਤੋਂ ਗੁਰਦੁਆਰਾ ਗੋਬਿੰਦ ਧਾਮ ਅਤੇ ਹੇਮਕੁੰਟ ਸਾਹਿਬ ਤਕ ਰਸਤਾ ਠੀਕ ਕੀਤਾ ਗਿਆ ਹੈ।

ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਯਾਤਰਾ ਦੀ ਸ਼ੁਰੂਆਤ ਲਈ ਅੱਜ ਅਖੰਡ ਪਾਠ ਆਰੰਭ ਕੀਤੇ ਹਨ ਜਿਸ ਦੇ ਭੋਗ ਤਿੰਨ ਸਤੰਬਰ ਨੂੰ ਪੈਣਗੇ ਅਤੇ 200 ਸ਼ਰਧਾਲੂਆਂ ਦਾ ਪਹਿਲਾ ਜਥਾ ਗੁਰਦੁਆਰਾ ਗੋਬਿੰਦ ਧਾਮ ਵਾਸਤੇ ਰਵਾਨਾ ਹੋਵੇਗਾ। 418 ਆਰਮੀ ਇੰਡੀਪੈਂਡੈਂਟ ਇੰਜਨੀਅਰ ਕੋਰ ਦੇ ਸੀਓ ਕਰਨਲ ਰਵਿੰਦਰ ਸਿੰਘ ਦੀ ਅਗਵਾਈ ਹੇਠ ਫੌਜੀ ਜਵਾਨ ਅਤੇ ਸੰਗਤ ਪਾਵਨ ਸਰੂਪ ਨੂੰ ਦੀਵਾਨ ਹਾਲ ਲੈ ਕੇ ਆਉਣਗੇ।