ਆਈਪੀਐੱਲ ਟਾਈਟਲ ਸਪਾਂਸਰਸ਼ਿਪ ਦੀ ਦੌੜ ’ਚ ਸ਼ਾਮਲ ਹੋ ਸਕਦੀ ਹੈ ਪਤੰਜਲੀ

0
950

ਦਿੱਲੀ: ਬਾਬਾ ਰਾਮਦੇਵ ਦੀ ਪਤੰਜਲੀ ਆਯੂਰਵੈਦ ਅਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੀ ਟਾਈਟਲ ਸਪਾਂਸਰਸ਼ਿਪ ਹਾਸਲ ਕਰਨ ਦੀ ਦੌੜ ਵਿੱਚ ਸ਼ਾਮਲ ਹੋਣ ’ਤੇ ਵਿਚਾਰ ਕਰ ਰਹੀ ਹੈ। ਇਹ ਦਾਅਵਾ ਕੰਪਨੀ ਦੇ ਇਕ ਅਧਿਕਾਰੀ ਨੇ ਕੀਤਾ ਹੈ। ਪੂਰਬੀ ਲੱਦਾਖ ਵਿੱਚ ਐੱਲਏਸੀ ’ਤੇ ਚੀਨ ਨਾਲ ਜਾਰੀ ਤਲਖੀ ਮਗਰੋਂ ਚੀਨੀ ਮੋਬਾਈਲ ਕੰਪਨੀ ਵੀਵੋ ਨੂੰ ਅਾਈਪੀਐੱਲ ਦੇ ਟਾਈਟਲ ਸਪਾਂਸਰ ਵਜੋਂ ਲਾਂਭੇ ਕੀਤੇ ਜਾਣ ਮਗਰੋਂ ਇਸ ਥਾਂ ਲਈ ਦਾਅਵੇਦਾਰੀ ਵਜੋਂ ਕਈ ਨਾਮੀ ਕੰਪਨੀਆਂ

ਕਤਾਰ ਵਿੱਚ ਹਨ। ਪਤੰਜਲੀ ਦੇ ਬੁਲਾਰੇ ਐੱਸ.ਕੇ.ਤਿਜਾਰਾਵਾਲਾ ਨੇ ਇਸ ਪੂਰੇ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੰਪਨੀ ਦੀ ਇਸ ਪੇਸ਼ਕਦਮੀ ਨਾਲ ਹਰਿਦੁਆਰ ਅਧਾਰਿਤ ਫਰਮ ਨੂੰ ਅਾਲਮੀ ਪੱਧਰ ’ਤੇ ਮਾਰਕੀਟਿੰਗ ਮੰਚ ਮਿਲੇਗਾ। ਬੁਲਾਰੇ ਨੇ ਕਿਹਾ, ‘ਅਸੀਂ ਇਸ ’ਤੇ ਵਿਚਾਰ ਕਰ ਰਹੇ ਹਾਂ। ਇਹ ਵੋਕਲ ਫਾਰ ਲੋਕਲ ਤੇ ਇਕ ਭਾਰਤੀ ਬਰਾਂਡ ਨੂੰ ਕੌਮਾਂਤਰੀ ਪਛਾਣ ਦੇਣ ਲਈ ਸਹੀ ਮੰਚ ਹੈ। ਅਸੀਂ ਇਸ ਪੱਖ ’ਤੇ ਵੀ ਵਿਚਾਰ ਕਰ ਰਹੇ ਹਾਂ।’ ਬੁਲਾਰੇ ਨੇ ਸਾਫ਼ ਕਰ ਦਿੱਤਾ ਕਿ ਕੰਪਨੀ ਨੇ ਅਜੇ ਤਕ ਇਸ ਬਾਰੇ ਕੋਈ ਅੰਤਿਮ ਫੈਸਲਾ ਨਹੀਂ ਲਿਆ। ਕਾਬਿਲੇਗੌਰ ਹੈ ਕਿ ਆਈਪੀਐੱਲ ਦੀ ਟਾਈਟਲ ਸਪਾਂਸਰਸ਼ਿਪ ਹਾਸਲ ਕਰਨ ਦੀ ਦੌੜ ਵਿੱਚ ਜੀਓ, ਐਮਾਜ਼ੋਨ ਆਦਿ ਕਈ ਕੰਪਨੀਆਂ ਸ਼ਾਮਲ ਹਨ।