ਬੀ ਸੀ ਵੱਲੋਂ ਨਵੇਂ ਸਿਟੀ ਔਫ਼ ਸਰੀ ਪੁਲੀਸ ਬੋਰਡ ਮੈਂਬਰਾਂ ਦੀ ਨਿਯੁਕਤੀ

0
915

ਵਿਕਟੋਰੀਆ-ਸਰੀ ਦੇ ਆਰ ਸੀ ਐੱਮ ਪੀ ਡਿਟੈਚਮੈਂਟ ਤੋਂ ਮਿਉਨਿਸਿਪਲ ਪੁਲੀਸ ਵਿਭਾਗ ਵੱਲ ਤਬਦੀਲੀ ਦੇ ਹਿੱਸੇ ਵੱਜੋਂ ਸੂਬਾ ਸਰਕਾਰ ਨੇ ਸਿਟੀ ਔਫ਼ ਸਰੀ ਦੇ ਪਹਿਲੇ ਪੁਲੀਸ ਬੋਰਡ ਮੈਂਬਰਾਂ ਦੀ ਨਿਯੁਕਤੀ ਕਰ ਦਿੱਤੀ ਹੈ।

ਲੈਫ਼ਟੀਨੈਂਟ ਗਵਰਨਰ ਇਨ ਕਾਉਂਸਲ ਨੇ ਭਾਈਚਾਰੇ ਦੇ ਸੱਤ ਮੈਂਬਰਾਂ ਨੂੰ ਪੁਲੀਸ ਐਕਟ ਦੇ ਸੈਕਸ਼ਨ ੨੩(੧)(ਚ) ਅਧੀਨ ਸਿਟੀ ਔਫ਼ ਸਰੀ ਦੇ ਮਿਉਨਿਸਿਪਲ ਪੁਲੀਸ ਬੋਰਡ ਵਿੱਚ ਨਿਯੁਕਤ ਕੀਤਾ ਹੈ, ਜਿਸ ਵਿੱਚ ਸਰੀ ਦੇ ਮੇਅਰ ਨੂੰ ਮੁਖੀ ਅਤੇ ਮਿਉਨਿਸਿਪਲ ਕਾਉਂਸਲ ਦੁਆਰਾ ਨਿਯੁਕਤ ਇੱਕ ਵਿਅਕਤੀ ਨੂੰ ਨੌਂ-ਮੈਂਬਰੀ ਬੋਰਡ ਨੂੰ ਮੁਕੰਮਲ ਕਰਨ ਲਈ ਸ਼ਾਮਲ ਕੀਤਾ ਗਿਆ ਹੈ:

• ਚੀਫ਼ ਹਾਰਲੇ ਚੈੱਪਲ, ਸੈਮੀਆਹਮੂ ਫ਼ਸਟ ਨੇਸ਼ਨ ਦੇ ਚੁਣੇ ਹੋਏ ਚੀਫ਼
• ਚੈਨੇ ਕਲੋਕ, ਫ਼ਰੇਜ਼ਰ ਹੈੱਲਥ ਅਥੌਰਿਟੀ ਦੇ ਇੱਕ ਡਾਇਰੈਕਟਰ
• ਐਲਿਜ਼ਾਬੈੱਥ ਮੌਡਲ, ਡਾਊਨਟਾਊਨ ਸਰੀ ਬਿਜ਼ਨੈੱਸ ਇੰਪਰੂਵਮੈਂਟ ਐਸੋਸੀਏਸ਼ਨ ਦੇ ਸੀ ਈ ਉ
• ਜੇਮਜ਼ ਕਾਰਵਾਨਾ, ਮੀਡੀਏਟਰ ਅਤੇ ਆਰਬਿਟਰੇਟਰ
• ਜਸਪ੍ਰੀਤ ਸੁੰਨਰ, ਵਕੀਲ ਅਤੇ ਹਸਪਤਾਲ ਮੁਲਾਜ਼ਮ ਯੂਨੀਅਨ ਦੇ ਕਿਰਤੀ ਸੰਪਰਕ ਪ੍ਰਤੀਨਿਧੀ
• ਮਾਨਵ ਗਿੱਲ, ਫ਼ਰੇਜ਼ਰ ਹੈੱਲਥ ਅਥੌਰਿਟੀ ਦੇ ਕਲੀਨਿਕਲ ਉਪ੍ਰੇਸ਼ਨ ਦੇ ਮੈਨੇਜਰ
• ਮੀਨਾ ਬ੍ਰਿਸਾਰਡ, ਕੈਨੇਡੀਅਨ ਯੂਨੀਅਨ ਔਫ਼ ਪਬਲਿਕ ਐਂਪਲੌਈਜ਼ ਦੇ ਰਿਜਨਲ ਡਾਇਰੈਕਟਰ

ਇੱਕ ਵਿਸਤ੍ਰਿਤ ਮੁਲਾਂਕਣ ਅਤੇ ਚੋਣ ਪ੍ਰਕਿਰਿਆ ਦੀ ਪਾਲਣਾ ਕਰਦਿਆਂ, ਨਿਜੀ ਨਿਪੁੰਨਤਾ, ਯੋਗਤਾਵਾਂ ਅਤੇ ਗੁਣਾਂ ਦਾ ਬੋਰਡ ਦੀਆਂ ਜ਼ਿੰਮੇਵਾਰੀਆਂ ਨਾਲ ਤਾਲਮੇਲ ਬਿਠਾ ਕੇ ਅਤੇ ਭਾਈਚਾਰੇ ਦੀ ਵਿਵਿਧਤਾ ਨੂੰ ਦਰਸਾਉਣ ਲਈ ਮੈਂਬਰਾਂ ਦੀ ਚੋਣ ਕੀਤੀ ਗਈ ਹੈ। ਮੁਢਲੀਆਂ ਨਿਯੁਕਤੀਆਂ ਦੀ ਮਿਆਦ ੧੨ ਤੋਂ ੧੮ ਮਹੀਨੇ ਦੇ ਦਾਇਰੇ ਵਿੱਚ ਰਹੇਗੀ।

ਪੁਲੀਸ ਐਕਟ ਅਧੀਨ, ਸਰੀ ਪੁਲੀਸ ਵਿਭਾਗ ਨੂੰ ਸਥਾਪਤ ਕਰਨਾ ਅਤੇ ਉਸ ਦੀ ਨਿਗਰਾਨੀ ਕਰਨਾ ਬੋਰਡ ਦੀ ਜ਼ਿੰਮੇਵਾਰੀ ਹੈ ਅਤੇ ਇਹ ਪੁਲੀਸ ਸੇਵਾਵਾਂ ਦੇ ਡਾਇਰੈਕਟਰ ਦੀ ਨਿਗਰਾਨੀ ਦੇ ਅਧੀਨ ਹੋਵੇਗਾ, ਬੀ ਸੀ ਵਿੱਚ ਪੁਲੀਸ ਦੇ ਕੰਮਕਾਰ ਦਾ ਨਿਰੀਖਣ ਕਰਨਾ ਜਿਸ ਦੀ ਕਾਨੂੰਨੀ ਜ਼ਿੰਮੇਵਾਰੀ ਹੈ। ਬੋਰਡ ਦੇ ਚਾਰ ਮੁੱਖ ਪ੍ਰਸ਼ਾਸਕੀ ਕਾਰਜ ਹਨ:

• ਪੁਲੀਸ ਅਤੇ ਅਸੈਨਿਕ ਕਰਮਚਾਰੀਆਂ ਦੇ ਰੁਜ਼ਗਾਰ ਪ੍ਰਦਾਨਕਰਤਾ ਵੱਜੋਂ ਕੰਮ ਕਰਨਾ;
• ਪੁਲੀਸ ਵਿਭਾਗ ਲਈ ਮਾਲੀ ਨਿਰੀਖਣ ਪ੍ਰਦਾਨ ਕਰਨਾ;
• ਵਿਭਾਗ ਲਈ ਨੀਤੀਆਂ ਅਤੇ ਦਿਸ਼ਾਨਿਰਦੇਸ਼ ਤੈਅ ਕਰਨਾ; ਅਤੇ
• ਵਿਭਾਗ ਦੇ ਵਿਰੁੱਧ ਸੇਵਾਵਾਂ ਅਤੇ ਨੀਤੀ ਸਬੰਧਤ ਸ਼ਿਕਾਇਤਾਂ ਦਾ ਪ੍ਰਬੰਧਨ ਕਰਨਾ।

ਸਿਟੀ ਔਫ਼ ਸਰੀ ਦੀ ਪਰਿਵਰਤਨ ਯੋਜਨਾ ਦਾ ਅਗਲਾ ਕਦਮ ਬੋਰਡ ਦੁਆਰਾ ਇੱਕ ਚੀਫ਼ ਕੌਂਸਟੇਬਲ ਨੂੰ ਨੌਕਰੀ ‘ਤੇ ਰੱਖਣਾ ਹੋਵੇਗਾ। ਮੰਤਰਾਲੇ ਦਾ ਸਟਾਫ਼ ਪਰਿਵਰਤਨ ਪ੍ਰਕਿਰਿਆ ਵਿੱਚ ਮਦਦ ਦੇਣ ਲਈ ਬੋਰਡ ਨਾਲ ਸਹਿਯੋਗ ਕਰੇਗਾ, ਜਿਸ ਵਿੱਚ ਆਉਣ ਵਾਲੇ ਹਫ਼ਤਿਆਂ ਦੌਰਾਨ ਇੱਕ ਜਾਣਕਾਰੀ ਅਤੇ ਸਿਖਲਾਈ ਸੈਸ਼ਨ ਪ੍ਰਦਾਨ ਕਰਨਾ ਸ਼ਾਮਲ ਹੈ।

ਫ਼ੌਰੀ ਤੱਥ:
• ੨੦੧੮ ਵਿੱਚ, ਸਰੀ ਸਿਟੀ ਕਾਉਂਸਲ ਨੇ ਪੁਲੀਸ ਐਕਟ ਅਧੀਨ ਆਪਣੇ ਅਧਿਕਾਰ ਅਨੁਸਾਰ ਆਰ ਸੀ ਐੱਮ ਪੀ ਨਾਲ ਆਪਣਾ ਸਮਝੌਤਾ ਖ਼ਤਮ ਕਰਨ ਅਤੇ ਇੱਕ ਮਿਉਨਿਸਿਪਲ ਪੁਲੀਸ ਵਿਭਾਗ ਵੱਲ ਤਬਦੀਲ ਹੋਣ ਦੇ ਹੱਕ ਵਿੱਚ ਸਰਬਸੰਮਤੀ ਨਾਲ ਵੋਟਾਂ ਪਾਈਆਂ।
• ਪੁਲੀਸ ਐਕਟ ਅਧੀਨ, ੫,੦੦੦ ਤੋਂ ਵੱਧ ਲੋਕਾਂ ਵਾਲੀਆਂ ਮਿਉਨਿਸਿਪੈਲਟੀਆਂ ਆਪਣੇ ਭਾਈਚਾਰਿਆਂ ਵਿੱਚ ਪੁਲੀਸ ਸੇਵਾਵਾਂ ਲਈ ਜ਼ਿੰਮੇਵਾਰ ਹੋਣਗੀਆਂ ਅਤੇ ਉਨ੍ਹਾਂ ਨੂੰ ਇਹ ਨਿਰਧਾਰਤ ਕਰਨ ਦਾ ਅਧਿਕਾਰ ਹੋਵੇਗਾ ਕਿ ਇਹ ਸੇਵਾਵਾਂ ਕਿਵੇਂ ਪ੍ਰਦਾਨ ਕੀਤੀਆਂ ਜਾਣ।
• ਸਰੀ ਦੇ ਸ਼ਾਮਲ ਕੀਤੇ ਜਾਣ ਨਾਲ, ਬੀ ਸੀ ਵਿੱਚ ੧੨ ਮਿਉਨਿਸਿਪਲ ਪੁਲੀਸ ਵਿਭਾਗ ਹੋ ਜਾਣਗੇ ਜੋ ਅੱਗੇ ਦਿੱਤੇ ੧੩ ਭਾਈਚਾਰਿਆਂ ਵਿੱਚ ਸੇਵਾਵਾਂ ਦੇ ਰਹੇ ਹਨ: ਐਬਟਸਫ਼ੋਰਡ, ਡੈਲਟਾ, ਸੈਂਟਰਲ ਸਾਨਿਚ, ਨੈਲਸਨ, ਨਿਊ ਵੈਸਟਮਿੰਸਟਰ, ਉਕ ਬੇਅ, ਪੋਰਟ ਮੂਡੀ, ਸਾਨਿਚ, ਸਰੀ, ਵੈਨਕੂਵਰ, ਵਿਕਟੋਰੀਆ ਅਤੇ ਐਸਕਿਉਮਾਲਟ, ਅਤੇ ਵੈੱਸਟ ਵੈਨਕੂਵਰ। ਬੀ ਸੀ ਦੀਆਂ ਬਾਕੀ ਸਾਰੀਆਂ ਮਿਉਨਿਸਿਪੈਲਟੀਆਂ ਵਿੱਚ ਆਰ ਸੀ ਐੱਮ ਪੀ ਸੇਵਾਵਾਂ ਦੇ ਰਹੀ ਹੈ।
• ਪੁਲੀਸ ਐਕਟ ਦੇ ਸੈਕਸ਼ਨ ੨੪.੨(a) ਅਧੀਨ, ਕਿਸੇ ਪੁਲੀਸ ਬੋਰਡ ‘ਤੇ ਨਿਯੁਕਤੀ ਦੀ ਮਿਆਦ ਚਾਰ ਸਾਲ ਤੋਂ ਵੱਧ ਨਹੀਂ ਹੋ ਸਕਦੀ; ਪ੍ਰੰਤੂ, ਸੈਕਸ਼ਨ ੨੪.੨(ਬ) ਅਤੇ ਸੈਕਸ਼ਨ ੨੪.੩ ਅਧੀਨ, ਬੋਰਡ ਮੈਂਬਰ ਲਗਾਤਾਰ ਛੇ ਸਾਲ ਤੱਕ ਦੇ ਸਮੇਂ ਲਈ ਸੇਵਾਵਾਂ ਦੇਣ ਲਈ ਮੁੜ ਨਿਯੁਕਤ ਕੀਤੇ ਜਾ ਸਕਦੇ ਹਨ।

ਬੀ ਸੀ ਦੇ ਪੁਲੀਸ ਬੋਰਡਾਂ ਵਿੱਚ ਵਿਵਿਧਤਾ:
• ਸੂਬਾ ਸਰਕਾਰ ਦਾ ਸਮੁੱਚਾ ਟੀਚਾ ਹੈ ਕਿ ਅਜਿਹੇ ਪੁਲੀਸ ਬੋਰਡ ਕਾਇਮ ਕੀਤੇ ਜਾਣ ਜੋ ਮਜ਼ਬੂਤ ਅਤੇ ਪ੍ਰਭਾਵੀ ਨਾਗਰਿਕ-ਕੇਂਦ੍ਰਿਤ ਪ੍ਰਸ਼ਾਸਨ ਅਤੇ ਪੁਲੀਸ ਨਿਰੀਖਣ ਲਈ ਬੀ ਸੀ ਦੀ ਵਿਵਿਧਤਾ ਨੂੰ ਦਰਸਾਉਂਦੇ ਹੋਣ।
• ਇਸਤ੍ਰੀਆਂ, ਪ੍ਰਤੱਖ ਘੱਟ ਗਿਣਤੀਆਂ, ਮੂਲਵਾਸੀ ਲੋਕ, ਅਪਾਹਜ ਵਿਅਕਤੀ, ਵੱਖ-ਵੱਖ ਕਾਮੁਕ ਰੁਝਾਨਾਂ, ਲਿੰਗ ਪਛਾਣ ਜਾਂ ਹਾਵ-ਭਾਵ ਵਾਲੇ ਵਿਅਕਤੀ ਅਤੇ ਹੋਰ ਲੋਕ ਜੋ ਜਨਤਕ ਖੇਤਰ ਦੀਆਂ ਬੋਰਡ ਨਿਯੁਕਤੀਆਂ ਦੀ ਵਿਵਿਧਤਾ ਵਿੱਚ ਯੋਗਦਾਨ ਦੇ ਸਕਦੇ ਹਨ, ਨੂੰ ਭਵਿੱਖ ਦੀਆਂ ਖ਼ਾਲੀ ਅਸਾਮੀਆਂ ਲਈ ਆਪਣੇ ਨਾਂ ਪੇਸ਼ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ।
• ਜੂਨ ੨੦੧੭ ਤੋਂ ਲੈ ਕੇ, ਪੂਰੇ ਸੂਬੇ ਵਿੱਚ ਪੁਲੀਸ ਬੋਰਡਾਂ ਵਿੱਚ ਪ੍ਰਤੀਨਿਧਤਾ ਕਰ ਰਹੀਆਂ ਘੱਟ ਗਿਣਤੀਆਂ ਵਿੱਚ ਲਗਭਗ ੧੦੦% ਦਾ ਵਾਧਾ ਹੋਇਆ ਹੈ।
• ਜੂਨ ੨੦੧੭ ਤੋਂ ਲੈ ਕੇ, ਨਿਯੁਕਤੀਆਂ ਵਿੱਚੋਂ ੨੫% ਲੋਕ ਰੰਗਦਾਰ ਹਨ (ਜੋ ਪਹਿਲਾਂ ਨਾਲੋਂ ੧੨.੫% ਵੱਧ ਹੈ)