ਭਾਰਤ-ਚੀਨ ਵਾਰਤਾ ਜਾਰੀ ਰੱਖਣ ਲਈ ਰਾਜ਼ੀ

0
931

ਦਿੱਲੀ: ਪੂਰਬੀ ਲੱਦਾਖ ਦੀ ਗਲਵਾਨ ਘਾਟੀ ‘ਚ ਵਾਪਰੀ ਘਟਨਾ ਤੋਂ ਬਾਅਦ ਖੇਤਰ ‘ਚ ਹਾਲਾਤ ਸਥਿਰ ਕਰਨ ਦੀ ਕਵਾਇਦ ਵਜੋਂ ਭਾਰਤੀ ਤੇ ਚੀਨੀ ਸੈਨਾਵਾਂ ਵੱਲੋਂ ਅੱਜ ਲਗਾਤਾਰ ਤੀਜੇ ਦਿਨ ਮੇਜਰ ਜਨਰਲ ਪੱਧਰ ਦੀ ਗੱਲਬਾਤ ਕੀਤੀ ਗਈ। ਦੋਵਾਂ ਧਿਰਾਂ ਵਿਚਾਲੇ ਗੱਲਬਾਤ ਸਕਾਰਾਤਮਕ ਮਾਹੌਲ ‘ਚ ਹੋਈ ਦੱਸੀ ਜਾ ਰਹੀ ਹੈ ਤੇ ਦੋਵਾਂ ਧਿਰਾਂ ਵਿਚਾਲੇ ਵਾਰਤਾ ਜਾਰੀ ਰਹੇਗੀ। ਇਸ ਤੋਂ ਪਹਿਲਾਂ ਮੰਗਲਵਾਰ ਤੇ ਬੁੱਧਵਾਰ ਨੂੰ ਦੋਵਾਂ ਧਿਰਾਂ ਵਿਚਾਲੇ ਹੋਈ ਗੱਲਬਾਤ ਕਿਸੇ ਨਤੀਜੇ ‘ਤੇ ਨਹੀਂ ਪਹੁੰਚੀ।
ਸੂਤਰਾਂ ਨੇ ਦੱਸਿਆ, ‘ਦੋਵਾਂ ਧਿਰਾਂ ਵਿਚਾਲੇ ਅੱਜ ਵਧੇਰੇ ਸੁਖਾਵੇਂ ਮਾਹੌਲ ‘ਚ ਹੋਈ ਹੈ ਤੇ ਚੀਨ ਗੱਲਬਾਤ ਸੁਣਨ ਤੇ ਵਾਰਤਾ ਨੂੰ ਅੱਗੇ ਵਧਾਉਣ ਲਈ ਰਾਜ਼ੀ ਹੋ ਗਿਆ ਹੈ। ਦੋਵਾਂ ਧਿਰਾਂ ਵਿਚਾਲੇ ਆਉਂਦੇ ਕੁਝ ਦਿਨ ਵਾਰਤਾ ਜਾਰੀ ਰਹਿ ਸਕਦੀ ਹੈ।’ ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਨੂੰ ਹੋਈ ਗੱਲਬਾਤ ਦੌਰਾਨ ਦੋਵਾਂ ਧਿਰਾਂ ਨੇ ਵਿਵਾਦਤ ਖੇਤਰ ‘ਚੋਂ ਫੌਜਾਂ ਪਿੱਛੇ ਹਟਾਉਣ ਲਈ ੬ ਜੂਨ ਨੂੰ ਹੋਈ ਉੱਚ ਪੱਧਰੀ ਫੌਜੀ ਵਾਰਤਾ ਦੌਰਾਨ ਬਣੀ ਸਹਿਮਤੀ ਨੂੰ ਅਮਲ ‘ਚ ਲਿਆਉਣ ਦੇ ਰਾਹਾਂ ਬਾਰੇ ਵਿਚਾਰ ਚਰਚਾ ਕੀਤੀ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਬੀਤੇ ਦਿਨ ਚੀਨ ਨੂੰ ਸਖ਼ਤ ਸੁਨੇਹਾ ਦਿੰਦਿਆਂ ਕਿਹਾ ਸੀ ਕਿ ਭਾਰਤ ਅਮਨ ਦਾ ਹਾਮੀ ਹੈ ਪਰ ਇਹ ਹਰ ਕਾਰਵਾਈ ਦਾ ਢੁੱਕਵਾਂ ਜਵਾਬ ਦੇਣ ਦੇ ਯੋਗ ਹੈ।