ਸਕਾਟਲੈਂਡ ਵਾਸੀ ਜੂਨ ਅਲਮੇਡਾ ਨੇ ਕੀਤੀ ਸੀ ਕੋਰੋਨਾ ਵਾਇਰਸ ਦੀ ਖੋਜ

0
955

ਗਲਾਸਗੋ: ਮਨੁੱਖ ‘ਚ ਕਰੋਨਾ ਵਾਇਰਸ ਦੀ ਪਹਿਲੀ ਵਾਰ ਖੋਜ ਕਰਨ ਵਾਲੀ ਔਰਤ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਦੇ ਇਕ ਬੱਸ ਡਰਾਈਵਰ ਦੀ ਧੀ ਸੀ। ਉਸ ਦਾ ਨਾਂਅ ਜੂਨ ਡਾਲਜ਼ੀਅਲ ਅਲਮੇਡਾ ਸੀ ਤੇ ਉਸ ਦਾ ਜਨਮ ਗਲਾਸਗੋ ਦੇ ਉੱਤਰ-ਪੂਰਬ ‘ਚ ੫ ਅਕਤੂਬਰ ੧੯੩੦ ਨੂੰ ਹੋਇਆ ਸੀ। ੧੬ ਸਾਲ ਦੀ ਉਮਰ ‘ਚ ਸਕੂਲ ਦੀ ਪੜਾਈ ਕਰਨ ਤੋਂ ਬਾਅਦ ਉਸ ਨੇ ਗਲਾਸਗੋ ਦੀ ਇਕ ਲੈਬ ‘ਚ ਬਤੌਰ ਟੈਕਨੀਸ਼ੀਅਨ ਕੰਮ ਕੀਤਾ ਤੇ ਇਥੋਂ ਹੀ ਉਸ ਦੀ ਖੋਜ਼ ਕਾਰਜ਼ਾਂ ਪ੍ਰਤੀ ਲਗਨ ਲੱਗੀ ਤੇ ਉਹ ਵਾਇਰਸ ਦੇ ਖੋਜਕਰਤਾਵਾਂ ‘ਚ ਸ਼ੁਮਾਰ ਹੋਣਾ ਚਾਹੁੰਦੀ ਸੀ। ਬਾਅਦ ‘ਚ ਖੋਜਾਂ ਦੇ ਸਿਲਸਿਲੇ ‘ਚ ਲੰਡਨ ਗਈ, ਜਿਥੇ ਉਸ ਦੀ ਮੁਲਾਕਾਤ ਲਾਤੀਨੀ ਅਮਰੀਕੀ ਦੇਸ਼ ਵੈਨਜੁਏਲਾ ਦੇ ਕਲਾਕਾਰ ਐਨਰੀਕੇ ਅਲਮੇਡਾ ਨਾਲ ਹੋਈ ਤੇ ੧੯੫੪ ‘ਚ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਗਏ। ਅਲਮੇਡਾ ਹੁਣ ਆਪਣੇ ਪਤੀ ਦੇ ਦੇਸ਼ ਵੈਨਜੁਏਲਾ ਜਾ ਵੱਸੀ, ਜਿਥੇ ਉਨ੍ਹਾਂ ਦੇ ਘਰ ਇਕ ਬੱਚੀ ਨੇ ਜਨਮ ਲਿਆ ਪਰ ਜੂਨ ਦਾ ਧਿਆਨ ਖੋਜ਼ਾਂ ਵੱਲ ਹੀ ਲੱਗਿਆ ਹੋਇਆ ਸੀ। ਇਥੋ ਉਹ ਆਪਣੀ ਬੱਚੀ ਨੂੰ ਲੈ ਕੇ ਕੈਨੇਡਾ ਦੇ ਸ਼ਹਿਰ ਟੋਰਾਂਟੋ ਆ
ਵੱਸੇ।
ਅਲਮੇਡਾ ਨੇ ਕੈਨੇਡਾ ਦੇ ਓਨਟਾਰੀਓ ਕੈਂਸਰ ਇੰਸਟੀਚਿਊਟ ‘ਚ ਇਲੈਕਟਰੋਨਿਕ ਦੂਰਬੀਨ ਨਾਲ ਖੋਜ਼ ਦਾ ਅਧਿਐਨ ਕੀਤਾ ਤੇ ਖੋਜਾਂ ‘ਚ ਮੁਹਾਰਤ ਤੇ ਨਾਂਅ ਵੀ ਖੱਟਿਆ। ਜੂਨ ਦੇ ਕੰਮਾਂ ਕਰਕੇ ੧੯੬੪ ‘ਚ ਲੰਡਨ ਦੇ ਸੈਂਟ ਥੋਮਸ ਮੈਡੀਕਲ ਸਕੂਲ ਨੇ ਉਨ੍ਹਾਂ ਕੋਲ ਇਕ ਨਵੇਂ ਵਾਇਰਸ ਦੀ ਖੋਜ ਕਰਨ ਦੀ ਪੇਸ਼ਕਸ਼ ਰੱਖੀ, ਜੋ ਕਿ ਸਰਦੀ ਜ਼ੁਕਾਮ ਦੀ ਤਰ੍ਹਾਂ ਪਸਰਦਾ ਸੀ।
ਜੂਨ ਨੇ ਲੰਡਨ ਆ ਕੇ ਡਾ: ਡੇਵਿਡ ਟਾਇਰਲ ਨਾਲ ਮਿਲ ਕੇ ਮਨੁੱਖਾਂ ਦੇ ਜ਼ੁਕਾਮ ਦੇ ਰੇਸ਼ੇ ਲੈ ਕੇ ਉਨ੍ਹਾਂ ‘ਤੇ ਖੋਜ ਆਰੰਭ ਕੀਤੀ ਤੇ ੧੯੬੪ ‘ਚ ਉਨ੍ਹਾਂ ਕੋਲ ਇਕ ਨਮੂਨਾ ਬੀ-੮੧੪ ਨਾਂਅ ਦਾ ਆਇਆ, ਜੋ ਕਿ ਇਕ ਸਕੂਲ ਦੇ ਵਿਦਿਆਰਥੀ ਦਾ ਸੀ। ਜੂਨ ਨੇ ਇਸ ਵਾਇਰਸ ਦੇ ਨਮੂਨੇ ਦੀ ਜਾਂਚ ਕੀਤੀ ਤਾਂ ਇਹ ਖ਼ੁਰਦਬੀਨ ‘ਚ ਦੇਖਣ ਨਾਲ ਤਾਜ (ਕਰਾਊਨ) ਦੀ ਸ਼ਕਲ ਵਰਗਾ ਦਿਸਦਾ ਸੀ। ਇਸ ਕਰਕੇ ਇਸ ਵਾਇਰਸ ਦਾ ਨਾ ਕਰੋਨਾ ਵਾਇਰਸ ਰੱਖ ਦਿੱਤਾ। ਇਸ ਨਵੀਂ ਖੋਜ਼ (ਕਰੋਨਾ ਵਾਇਰਸ) ਦੀ ਤਸਵੀਰ ਨੂੰ ੧੯੬੫ ‘ਚ ‘ਬ੍ਰਿਟਿਸ਼ ਮੈਡੀਕਲ ਜਨਰਲ ਆਫ਼ ਵਾਇਲੌਜੀ’ ਵਿਚ ਛਾਪਿਆ ਗਿਆ। ੧੯੬੭ ‘ਚ ਜੂਨ ਅਲਮੇਡਾ ਨੂੰ ਉਨ੍ਹਾਂ ਦੇ ਖੋਜ ਕਾਰਜ਼ਾਂ ਕਰਕੇ ਡਾਕਟਰੇਟ ਦੀ ਪਦਵੀ ਦਿੱਤੀ ਸੀ।