ਕਰੋਨਾ ਦੀ ਮਾਰ: ਪੇਂਡੂ ਸੰਭਲੇ, ਸ਼ਹਿਰੀ ਉੱਖੜੇ

0
1160

ਚੰਡੀਗੜ੍ਹ: ਪੰਜਾਬ ਵਿਚ ਕਰੋਨਾ ਦੇ ਸ਼ੱਕੀ ਕੇਸਾਂ ਦੇ ਅੰਕੜੇ ਵੱਲ ਵੇਖੀਏ ਤਾਂ ਇਹ ਏਨੇ ਡਰਾਵਣੇ ਨਹੀਂ ਜਾਪਦੇ, ਜਿੰਨਾ ਕਰੋਨਾ ਦੇ ਖ਼ੌਫ਼ ਨੇ ਲੋਕ ਅੰਦਰੋਂ ਹਿਲਾਏ ਹੋਏ ਹਨ। ਆਲਮੀ ਮਹਾਮਾਰੀ ਤਾਂ ਅਵੇਸਲੇ ਨਾ ਹੋਣ ਦਾ ਹੁੰਗਾਰਾ ਭਰ ਰਹੀ ਹੈ ਪਰ ਪੰਜਾਬ ਦੀ ਮੌਜੂਦਾ ਸਥਿਤੀ ਫਿਲਹਾਲ ਘਬਰਾਹਟ ਪੈਦਾ ਕਰਨ ਵਾਲੀ ਨਹੀਂ। ਪੰਜਾਬ ’ਚ 17 ਹੌਟਸਪਾਟ ਐਲਾਨੇ ਗਏ ਹਨ, ਜਿੱਥੇ ਕਰੋਨਾ ਦਾ ਖ਼ਤਰਾ ਚੁਣੌਤੀ ਭਰਿਆ ਹੈ। ਦਿਹਾਤੀ ਪੰਜਾਬ ਤਾਂ ਕਰੋਪੀ ਤੋਂ ਦੂਰ ਜਾਪਦਾ ਹੈ ਪਰ ਸ਼ਹਿਰੀ ਲੋਕ ਉੱਖੜੇ ਹੋਏ ਹਨ।
ਕਰੋਨਾਵਾਇਰਸ ਦੇ ਤੱਥਾਂ ਨੂੰ ਵਾਚਿਆਂ ਸਾਹਮਣੇ ਆਇਆ ਕਿ ਪੰਜਾਬ ਦੇ ਕਰੀਬ 13 ਹਜ਼ਾਰ ਪਿੰਡਾਂ ਵਿਚੋਂ ਸਿਰਫ਼ 23 ਪਿੰਡ (0.17 ਫ਼ੀਸਦੀ) ਹੀ ਫ਼ਿਲਹਾਲ ਕਰੋਨਾ ਤੋਂ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ’ਚ ਕਰੋਨਾ ਪਾਜ਼ੇਟਿਵ ਕੇਸ ਪਾਏ ਗਏ ਗਏ ਜਾਂ ਫਿਰ ਮੌਤਾਂ ਹੋਈਆਂ। ਮੁਹਾਲੀ ਦਾ ਪਿੰਡ ਜਵਾਹਰਪੁਰ ਸਭ ਤੋਂ ਸਿਖਰ ’ਤੇ ਹੈ, ਜਿੱਥੇ 38 ਪਾਜ਼ੇਟਿਵ ਕੇਸ ਹਨ। ਨਵਾਂ ਸ਼ਹਿਰ ਦਾ ਪਠਲਾਵਾ ਪਿੰਡ ਦੂਜੇ ਨੰਬਰ ’ਤੇ ਆਉਂਦਾ ਹੈ, ਜਿੱਥੋਂ ਦੇ ਗਿਆਨੀ ਬਲਦੇਵ ਸਿੰਘ ਦੀ ਮੌਤ ਨਾਲ ਪੰਜਾਬ ਹਿੱਲ ਗਿਆ ਸੀ।
ਪੰਜਾਬ ਦੇ ਕੁੱਲ 148 ਬਲਾਕ ਹਨ, ਜਿਨ੍ਹਾਂ ਵਿਚੋਂ ਕਰੋਨਾ ਕੇਸ ਸਿਰਫ਼ 20 ਬਲਾਕਾਂ (13.51 ਫ਼ੀਸਦੀ) ’ਚ ਟਾਵੇਂ ਵੇਖੇ ਗਏ ਹਨ। ਦਿਹਾਤੀ ਪੰਜਾਬ ਦੀ ਆਬਾਦੀ ਕਰੀਬ 2 ਕਰੋੜ (ਪ੍ਰੋਜੈਕਟਡ) ਹੈ, ਜਿਸ ’ਚੋਂ 23 ਪਿੰਡਾਂ ਦੀ ਕਰੀਬ ਡੇਢ ਲੱਖ ਦੀ ਆਬਾਦੀ ਕਰੋਨਾ ਦੇ ਪਰਛਾਵੇਂ ਹੇਠ ਹੈ। ਇਸੇ ਤਰ੍ਹਾਂ ਪੰਜਾਬ ਦੇ 161 ਕਸਬਿਆਂ ਵਿਚੋਂ ਕਰੋਨਾਵਾਇਰਸ ਦੇ ਪਾਜ਼ੇਟਿਵ ਕੇਸਾਂ ਵਾਲੇ 13 ਸ਼ਹਿਰ (8.07 ਫ਼ੀਸਦੀ) ਹਨ। ਪੰਜਾਬ ਦੀ ਮੌਜੂਦਾ ਕੁੱਲ ਆਬਾਦੀ 3.12 ਕਰੋੜ ਦੱਸੀ ਜਾ ਰਹੀ ਹੈ।