ਅਮਰੀਕਾ ‘ਚ 11 ਹਜ਼ਾਰ ਤੋਂ ਵੱਧ ਮੌਤਾਂ

0
1510

ਸਿਆਟਲ: ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ੧੧ ਹਜ਼ਾਰ ਤੋਂ ਪਾਰ ਹੋ ਗਈ ਹੈ। ਪਿਛਲੇ ੨੪ ਘੰਟਿਆਂ ਦੌਰਾਨ ਇਕ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ। ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ੩੬੮ ਹਜ਼ਾਰ ੪੩੪ ਹੋ ਗਈ ਹੈ, ਜਦੋਂਕਿ ਠੀਕ ਹੋਣ ਵਾਲਿਆਂ ਦੀ ਗਿਣਤੀ ੧੯,੯੦੦ ਦੇ ਕਰੀਬ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਾਈਟ ਹਾਊਸ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਹਫ਼ਤੇ ਮੌਤਾਂ ਦਾ ਅੰਕੜਾ ਜ਼ਿਆਦਾ ਵਧ ਸਕਦਾ ਹੈ। ਟਰੰਪ ਨੇ ਕਿਹਾ ਕਿ ਇਸ ਸਮੇਂ ਸਾਨੂੰ ਚੀਨ ਤੋਂ ਮਦਦ ਦੀ ਲੋੜ ਹੈ। ਦੂਜੇ ਪਾਸੇ ਵਾਸ਼ਿੰਗਟਨ ਦੇ ਗਵਰਨਰ ਜੇ ਇਨਸਲੀ ਤੇ ਰਾਜ ਦੇ ਸਕੂਲ ਸੁਪਰਡੈਂਟ ਕਿਸ ਰਿਕਡਲ ਨੇ ਰਾਜ ਦੇ ਸਾਰੇ ਸਕੂਲ ਹੁਣ ੧੯ ਜੂਨ ਤੱਕ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਇਸੇ ਤਰ੍ਹਾਂ ਅੱਜ ਸਿਆਟਲ ਦੀ ਮੇਅਰ ਦੁਰਕਾਨ ਨੇ ਇਕ ਵੱਖਰਾ ਆਦੇਸ਼ ਜਾਰੀ ਕਰਕੇ ਸਿਆਟਲ ਦੇ ਗ਼ੈਰ-ਜ਼ਰੂਰੀ ਕਾਰੋਬਾਰਾਂ ਨੂੰ ਬੰਦ ਰੱਖਣ ਦੀ ਮਿਆਦ ੪ ਮਈ ਤੱਕ ਵਧਾ ਦਿੱਤੀ ਹੈ। ਇਸ ਦੇ ਨਾਲ ਹੀ ਜਨਤਕ ਲਾਇਬ੍ਰੇਰੀਆਂ, ਕਮਿਊਨਿਟੀ ਸੈਂਟਰ, ਪਬਲਿਕ ਫੇਸਿੰਗ ਕਾਊਂਟਰ ਤੇ ਸਿਆਟਲ ਦੀਆਂ ਬੀਚਾਂ ਵੀ ੪ ਮਈ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਹਨ।