ਚੀਨ ‘ਤੇ ਅਮਰੀਕੀ ਕੰਪਨੀ ਨੇ ਠੋਕਿਆ 20 ਟ੍ਰਿਲੀਅਨ ਡਾਲਰ ਦਾ ਮੁਕੱਦਮਾ

0
1351

ਵਿਸ਼ਵ ਭਰ ਵਿਚ ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਮੱਦੇਨਜ਼ਰ ਯੂਐਸ ਦੀ ਇਕ ਕੰਪਨੀ ਨੇ ਚੀਨੀ ਸਰਕਾਰ ਉੱਤੇ 20 ਟ੍ਰਿਲੀਅਨ ਡਾਲਰ ਦੇ ਨੁਕਸਾਨ ਲਈ ਮੁਕੱਦਮਾ ਕੀਤਾ ਹੈ। ਕੰਪਨੀ ਦਾ ਦੋਸ਼ ਹੈ ਕਿ ਚੀਨ ਨੇ ਇਸ ਵਾਇਰਸ ਦੀ ਵਰਤੋਂ ਜੈਵਿਕ ਹਥਿਆਰ ਵਜੋਂ ਕੀਤੀ ਹੈ।
ਅਮਰੀਕਾ ਦੇ ਟੈਕਸਾਸ ਦੀ ਕੰਪਨੀ ਬਜ਼ ਫੋਟੋਜ਼, ਵਕੀਲ ਲੈਰੀ ਕਲੇਮੈਨ ਅਤੇ ਸੰਸਥਾ ਫ੍ਰੀਡਮ ਵਾਚ ਨੇ ਮਿਲ ਕੇ ਚੀਨੀ ਸਰਕਾਰ, ਚੀਨੀ ਫੌਜ, ਵੁਹਾਨ ਇੰਸਟੀਚਿਊਟ ਆਫ ਵਾਇਰੋਲੋਜੀ, ਵੁਹਾਨ ਇੰਸਟੀਚਿਊਟ ਦੇ ਡਾਇਰੈਕਟਰ ਸ਼ੀ ਜ਼ੇਂਗਲੀ ਅਤੇ ਚੀਨੀ ਸੈਨਾ ਦੇ ਮੇਜਰ ਜਨਰਲ ਚੇਨ ਵੇਈ ‘ਤੇ ਸਾਂਝੇ ਤੌਰ ‘ਤੇ ਮੁਕੱਦਮਾ ਕੀਤਾ ਹੈ।
ਮੁਕੱਦਮਾ ਕਰਨ ਵਾਲਿਆਂ ਨੇ ਦਾਅਵਾ ਕੀਤਾ ਹੈ ਕਿ ਚੀਨੀ ਪ੍ਰਸ਼ਾਸਨ ਇਕ ਜੈਵਿਕ ਹਥਿਆਰ ਤਿਆਰ ਕਰ ਰਿਹਾ ਸੀ, ਜਿਸ ਕਾਰਨ ਇਹ ਵਾਇਰਸ ਫੈਲ ਗਿਆ ਹੈ ਅਤੇ ਇਸੇ ਲਈ ਉਨ੍ਹਾਂ ਨੇ 20 ਟ੍ਰਿਲੀਅਨ ਡਾਲਰ ਦੇ ਨੁਕਸਾਨ ਦੀ ਮੰਗ ਕੀਤੀ ਹੈ। ਉਹਨਾਂ ਨੇ ਇਲਜ਼ਾਮ ਲਗਾਇਆ ਹੈ ਕਿ ਅਸਲ ਵਿਚ ਚੀਨ ਨੇ ਅਮਰੀਕੀ ਨਾਗਰਿਕਾਂ ਨੂੰ ਮਾਰਨ ਅਤੇ ਬਿਮਾਰ ਕਰਨ ਦੀ ਸਾਜਿਸ਼ ਰਚੀ ਹੈ।
ਉਨ੍ਹਾਂ ਨੇ ਦੋਸ਼ ਲਾਇਆ ਕਿ ਵਾਇਰਸ ਨੂੰ ਜਾਣ ਬੁੱਝ ਕੇ ਵੁਹਾਨ ਵਾਇਰਲੌਜੀ ਸੰਸਥਾ ਦੁਆਰਾ ਜਾਰੀ ਕੀਤਾ ਗਿਆ ਸੀ। ਚੀਨ ਨੇ ਵਿਸ਼ਵ ਵਿਚ ਵੱਡੇ ਪੱਧਰ ‘ਤੇ ਤਬਾਹੀ ਲਈ ਕੋਰੋਨਾ ਵਾਇਰਸ ਦਾ ‘ਨਿਰਮਾਣ’ ਕੀਤਾ ਹੈ। ਮੁਕੱਦਮੇ ਵਿਚ ਕਿਹਾ ਗਿਆ ਹੈ ਕਿ ਜੈਵਿਕ ਹਥਿਆਰਾਂ ਨੂੰ 1925 ਵਿਚ ਹੀ ਗੈਰਕਾਨੂੰਨੀ ਐਲਾਨਿਆ ਗਿਆ ਸੀ ਅਤੇ ਇਹਨਾਂ ਨੂੰ ਨਸਲਕੁਸ਼ੀ ਦੇ ਅੱਤਵਾਦੀ ਹਥਿਆਰਾਂ ਵਜੋਂ ਵੇਖਿਆ ਜਾ ਸਕਦਾ ਹੈ।
ਅਮਰੀਕੀ ਕੰਪਨੀ ਨੇ ਇਸ ਬਾਰੇ ਕਈ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਵੁਹਾਨ ਵਿਚ ਇਕੋ ਮਾਈਕਰੋਬਾਇਓਲੋਜੀ ਲੈਬ ਹੈ ਜੋ ਨੋਵਲ ਕੋਰੋਨਾ ਵਰਗੇ ਅਤਿ ਆਧੁਨਿਕ ਵਾਇਰਸਾਂ ਨਾਲ ਨਜਿੱਠ ਸਕਦੀ ਹੈ। ਚੀਨ ਨੇ ਕੋਰੋਨਾ ਵਾਇਰਸ ਬਾਰੇ ਆਪਣੇ ਬਿਆਨਾਂ ਨੂੰ ਰਾਸ਼ਟਰੀ ਸੁਰੱਖਿਆ ਪ੍ਰੋਟੋਕੋਲ ਦੇ ਬਹਾਨੇ ਵਜੋਂ ਛੁਪਾਇਆ ਹੈ।