ਦਿੱਲੀ: ਭਾਰਤ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਸਾਰਕ ਦੇਸ਼ਾਂ ਦੀ ਵੀਡੀਓ ਕਾਨਫਰੰਸ ਜ਼ਰੀਏ ਬੈਠਕ ਹੋਈ। ਇਸ ਵਿਚ ਸਾਰੇ ਦੇਸ਼ਾਂ ਨੇ ਕੋਰੋਨਾ ਵਾਇਰਸ ਦੇ ਹੱਲ ਲਈ ਇਕਜੁੱਟਤਾ ਦਿਖਾਈ। ਅੱਜ ਪ੍ਰਧਾਨ ਮੰਤਰੀ ਮੋਦੀ ਨੇ ਅਪਣੇ ਟਵਿਟਰ ਹੈਂਡਲ ਦੇ ਜ਼ਰੀਏ ਕੁਝ ਲੋਕਾਂ ਦੀ ਕਹਾਣੀ ਨੂੰ ਸਾਂਝਾ ਕਰਦੇ ਹੋਏ ਉਹਨਾਂ ਦੀ ਤਾਰੀਫ਼ ਕੀਤੀ।
ਇਸ ਵਿਚ ਉਹ ਲੋਕ ਸ਼ਾਮਲ ਹਨ, ਜਿਨ੍ਹਾਂ ਨੇ ਕੋਵਿਡ-19 ਦੀ ਰੋਕਥਾਮ ਲਈ ਵਿਅਕਤੀਗਤ ਜਾਂ ਸਮੂਹ ਪੱਧਰ ‘ਤੇ ਠੋਸ ਕਦਮ ਚੁੱਕੇ ਹਨ। ਉਹਨਾਂ ਕਿਹਾ ਕਿ ਕਈ ਲੋਕ ਅਪਣੀ ਕਹਾਣੀ ਸਾਂਝੀ ਕਰ ਕੇ ਇਹ ਕਹਿ ਰਹੇ ਹਨ ਕਿ ਕਿਵੇਂ ਭਾਰਤ ਕੋਰੋਨਾ ਨਾਲ ਮੁਕਾਬਲਾ ਕਰ ਰਿਹਾ ਹੈ। ਇਸ ਨਾਲ ਕੋਰੋਨਾ ਦੇ ਖਿਲਾਫ਼ ਲੜਾਈ ਵਿਚ ਜੁਟੇ ਸਾਰੇ ਡਾਕਟਰ, ਨਰਸਾਂ, ਨਿਗਮ ਕਰਮਚਾਰੀ, ਏਅਰਪੋਰਟ ਸਟਾਫ ਸਮੇਤ ਹੋਰ ਲੋਕਾਂ ਦਾ ਹੌਂਸਲਾ ਵਧਦਾ ਹੈ।
ਪੀਐਮ ਮੋਦੀ ਨੇ ਕੋਰੋਨਾ ਵਾਇਰਸ ਖਿਲਾਫ਼ ਲੜਾਈ ‘ਤੇ ਕਿਹਾ ਕਿ ਅਜਿਹੀਆਂ ਸਥਿਤੀਆਂ ਸਾਡੇ ਰਾਸ਼ਟਰ ਦੀ ਦ੍ਰਿੜਤਾ ਨੂੰ ਦਰਸਾਉਂਦੀਆਂ ਹਨ। ਉਹਨਾਂ ਨੇ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਸਭ ਤੰਦਰੁਸਤ ਰਹਿਣ ਅਤੇ ਜਿਨ੍ਹਾਂ ਵਿਚ ਲੱਛਣ ਦਿਖ ਰਹੇ ਹਨ ਉਹਨਾਂ ਦਾ ਉਚਿਤ ਇਲਾਜ ਹੋਵੇ।
ਪੀਐਮ ਨੇ ਕਿਹਾ ਕਿ ਕੋਵਿਡ-19 ਦੇ ਨਿਪਟਾਰੇ ਲਈ ਸਾਡੇ ਡਾਕਟਰ, ਨਰਸ, ਸਿਹਤ ਕਰਮਚਾਰੀ ਸਖ਼ਤ ਮਿਹਨਤ ਕਰ ਰਹੇ ਹਨ, ਅਸੀਂ ਉਹਨਾਂ ਦੇ ਯੋਗਦਾਨ ਦੀ ਸ਼ਲਾਘਾ ਕਰਦੇ ਹਾਂ। ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਹਰ ਪੱਧਰ ‘ਤੇ ਵੱਖ-ਵੱਖ ਅਧਿਕਾਰੀ ਮਿਲ ਕੇ ਕੰਮ ਕਰ ਰਹੇ ਹਨ। ਲੋਕ ਤੰਦਰੁਸਤ ਰਹਿਣ, ਇਹ ਯਕੀਨੀ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।