ਬ੍ਰਿਟਿਸ਼ ਵੀਜ਼ਾ ਫੀਸ ‘ਚ ਭਾਰੀ ਵਾਧਾ

0
967

ਲੰਡਨ: ਬਰਤਾਨੀਆ ‘ਚ ਲੰਬੇ ਸਮੇਂ ਦੀ ਵੀਜ਼ਾ ਫੀਸ ਵਿਚ ਭਾਰੀ ਵਾਧਾ ਕੀਤਾ ਗਿਆ ਹੈ। ਇਸ ਕਦਮ ਨਾਲ ਭਾਰਤੀ ਵੀ ਪ੍ਰਭਾਵਿਤ ਹੋਣਗੇ। ਬਰਤਾਨੀਆ ਦੇ ਭਾਰਤਵੰਸ਼ੀ ਵਿੱਤ ਮੰਤਰੀ ਰਿਸ਼ੀ ਸੁਨਕ ਨੇ ਆਪਣੇ ਪਹਿਲੇ ਬਜਟ ਵਿਚ ਭਾਰਤ ਸਮੇਤ ਦੂਜੇ ਦੇਸ਼ਾਂ ਤੋਂ ਆਉਣ ਵਾਲੇ ਵਿਦੇਸ਼ੀਆਂ ਲਈ ਵੀਜ਼ਾ ਮਹਿੰਗਾ ਕਰਦੇ ਹੋਏ ਲਾਜ਼ਮੀ ਸਿਹਤ ਫੀਸ ਵਿਚ ਭਾਰੀ ਵਾਧੇ ਦਾ ਐਲਾਨ ਕੀਤਾ ਹੈ। ਇੰਫੋਸਿਸ ਸੰਸਥਾਪਕ ਨਾਰਾਇਣ ਮੂਰਤੀ ਦੇ ਜਵਾਈ ਸੁਨਕ ਨੂੰ ਪਿਛਲੇ ਮਹੀਨੇ ਵਿੱਤ ਮੰਤਰੀ ਬਣਾਇਆ ਗਿਆ ਸੀ। ਸੁਨਕ ਨੇ ਇਮੀਗ੍ਰੇਸ਼ਨ ਹੈਲਥ ਸਰਚਾਰਜ (ਆਈਐੱਚਐੱਸ) ਨੂੰ ੪੦੦ ਪੌਂਡ (ਕਰੀਬ ੩੮ ਹਜ਼ਾਰ ਰੁਪਏ) ਤੋਂ ਵਧਾ ਕੇ ੬੨੪ ਪੌਂਡ (ਕਰੀਬ ੬੦ ਹਜ਼ਾਰ ਰੁਪਏ) ਕਰਨ ਦਾ ਐਲਾਨ ਕੀਤਾ। ੩੯ ਸਾਲਾ ਸੁਨਕ ਨੇ ਸੰਸਦ ਦੇ ਹੇਠਲੇ ਸਦਨ ਹਾਊਸ ਆਫ ਕਾਮਨਜ਼ ਵਿਚ ਆਪਣੇ ਬਜਟ ਭਾਸ਼ਣ ਵਿਚ ਕਿਹਾ ਕਿ ਪਰਵਾਸੀ ਸਾਡੀ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਦਾ ਲਾਭ ਉਠਾਉਂਦੇ ਹਨ। ਅਸੀਂ ਸਾਰੇ ਚਾਹੁੰਦੇ ਵੀ ਹਾਂ ਕਿ ਉਹ ਅਜਿਹਾ ਕਰਦੇ ਰਹਿਣ ਪ੍ਰੰਤੂ ਇਹ ਵੀ ਸਹੀ ਹੈ ਕਿ ਲੋਕ ਜੋ ਕੁਝ ਪਾਉਂਦੇ ਹਨ ਉਸ ਦਾ ਭੁਗਤਾਨ ਕਰਨ। ਵਿਦੇਸ਼ੀ ਵਿਦਿਆਰਥੀਆਂ ਲਈ ਵੀ ਆਈਐੱਚਐੱਸ ੩੦੦ ਪੌਂਡ (ਕਰੀਬ ੨੮ ਹਜ਼ਾਰ ਰੁਪਏ) ਤੋਂ ਵਧਾ ਕੇ ੪੭੦ ਪੌਂਡ (ਕਰੀਬ ੪੫ ਹਜ਼ਾਰ ਰੁਪਏ) ਕਰਨ ਦੀ ਤਿਆਰੀ ਹੈ।