ਚੰਡੀਗੜ੍ਹ: ਬਜਟ ਇਜਲਾਸ ਵਿਚ ਕਾਂਗਰਸੀ ਵਿਧਾਇਕਾਂ ਨੇ ਹੀ ਆਪਣੀ ਸਰਕਾਰ ਦੇ ਬਖੀਏ ਉਧੇੜ ਕੇ ਰੱਖ ਦਿੱਤੇ। ਮੰਗਲਵਾਰ ਨੂੰ ਸਦਨ ਵਿਚ ਦੋ ਵਾਰ ਕਾਂਗਰਸੀ ਵਿਧਾਇਕਾਂ ਨੇ ਸਰਕਾਰ ਅਤੇ ਅਫਸਰਾਂ ਦੀ ਕਾਰਗੁਜ਼ਾਰੀ ‘ਤੇ ਤਿੱਖੇ ਸਵਾਲ ਖੜ੍ਹੇ ਕਰ ਦਿੱਤੇ ਅਤੇ ਵਿਰੋਧੀ ਧਿਰਾਂ ਨੇ ਮੇਜ਼ ਥਪਥਪਾ ਕੇ ਉਨ੍ਹਾਂ ਨਾਲ ਸਹਿਮਤੀ ਪ੍ਰਗਟਾਈ। ਬਜਟ ‘ਤੇ ਬਹਿਸ ਵਿਚ ਹਿੱਸਾ ਲੈਂਦਿਆਂ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਨੂੰ ਟਰਾਂਸਪੋਰਟ ਨੀਤੀ ਬਣਾਉਣ ਦੀ ਸਲਾਹ ਦਿੰਦਿਆਂ ਕਿਹਾ ਕਿ ਟਰਾਂਸਪੋਰਟ ਨੀਤੀ ਨਾ ਬਣਨ ਕਰਕੇ ਵਿਰੋਧੀ ਪਾਰਟੀਆਂ ਤੇ ਆਮ ਲੋਕ ਤਨਜ਼ ਕੱਸਦੇ ਹਨ ਜਿਸ ਕਾਰਨ ਸਾਨੂੰ (ਕਾਂਗਰਸੀਆਂ) ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਜੇਕਰ ਨੀਤੀ ਲਾਗੂ ਨਾ ਕੀਤੀ ਤਾਂ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਵੜਿੰਗ ਨੇ ਦੋ ਸੌ ਨਵੀਂਆਂ ਬੱਸਾਂ ਪਾਉਣ ਦਾ ਸੁਝਾਅ ਦਿੰਦਿਆਂ ਕਿਹਾ ਕਿ ਬਾਦਲ ਤਾਂ ਹੋਰ ਬੱਸਾਂ ਖ਼ਰੀਦੀ ਜਾਂਦੇ ਹਨ ਤੇ ਸਾਨੂੰ ਲੋਕਾਂ ਕੋਲ ਸ਼ਰਮਿੰਦਗੀ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਸ਼ਰਾਬ ਬਹੁਤ ਮਹਿੰਗੀ ਹੈ ਪਰ ਆਬਕਾਰੀ ਕਰ ਘੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਅਫਸਰਾਂ ਦੀ ਮਿਲੀਭੁਗਤ ਨਾਲ ਡਿਸਟਿਲਰੀ ਵਿਚੋਂ ਦੋ ਟਰੱਕ ਇਕ ਨੰਬਰ ‘ਤੇ ਛੇ ਟਰੱਕ ਬਗੈਰ ਆਬਕਾਰੀ ਫੀਸ ਤੋਂ ਨਿਕਲ ਰਹੇ ਹਨ ਜਿਸ ਕਰਕੇ ਮਾਲੀਆ ਘੱਟ ਇਕੱਠਾ ਹੋ ਰਿਹਾ ਹੈ। ਉਨ੍ਹਾਂ ਇੱਥੋਂ ਤਕ ਕਹਿ ਦਿੱਤਾ ਕਿ ਗ਼ਲਤ ਕੰਮ ਕਰਨ ਵਾਲੇ ਅਫਸਰਾਂ ਵਿਰੁੱਧ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਮੁੱਖ ਸਕੱਤਰ ਨੂੰ ਬਦਲਣ ਦੀ ਮੰਗ ਕਰਦਿਆਂ ਕਿਹਾ ਕਿ ਚਾਰ ਸਾਲਾਂ ਤੋਂ ਮੁੱਖ ਸਕੱਤਰ ਨੇ ਫਾਈਲਾਂ ‘ਤੇ ਇਤਰਾਜ਼ ਲਾਉਣ ਤੋਂ ਬਿਨਾਂ ਕੁਝ ਨਹੀਂ
ਕੀਤਾ।
ਉਨ੍ਹਾਂ ਕਿਹਾ ਕਿ ਕੀ ਇਹ ਸੁੱਖਿਆ ਹੋਇਆ ਹੈ ਕਿ ਇਕੋ ਬੰਦੇ ਨੇ ਚੀਫ ਸੈਕਟਰੀ ਲੱਗਿਆ ਰਹਿਣਾ ਹੈ। ਮੁੱਖ ਮੰਤਰੀ ਤੋਂ ਰੇਤ ਮੁਫ਼ਤ ਕਰਨ ਦੀ ਮੰਗ ਕਰਦਿਆਂ ਵੜਿੰਗ ਨੇ ਕਿਹਾ ਕਿ ਜੇਕਰ ਸਰਕਾਰ ਨੇ ਰੇਤ ਤੇ ਟਰਾਂਸਪੋਰਟ ਮਾਫ਼ੀਆਂ ਦਾ ਹੱਲ ਨਾ ਕੀਤਾ ਤਾਂ ਫਿਰ ਜੋ ਮਰਜ਼ੀ ਕਰੀ ਜਾਇਓ ਸਾਡੀ ਗੱਲ ਨਹੀਂ ਬਣਨੀ। ਜੇਕਰ ਇਨ੍ਹਾਂ ਦਾ ਹੱਲ ਹੋ ਗਿਆ ਫਿਰ ਭਾਵੇਂ ਲੋਕਾਂ ‘ਚ ਨਾ ਜਾਇਓ ਲੋਕਾਂ ਨੇ ਘਰ ਬੈਠਿਆਂ ਨੂੰ ਜਿਤਾ ਦੇਣਾ ਹੈ। ਵੜਿੰਗ ਦੀ ਤਕਰੀਰ ਦੀ ਵਿਰੋਧੀਆਂ ਦੇ ਨਾਲ -ਨਾਲ ਆਪਣਿਆਂ ਨੇ ਵੀ ਰੱਜ ਕੇ ਤਾਰੀਫ਼ ਕੀਤੀ।