ਕੇਜਰੀਵਾਲ 16 ਨੂੰ ਤੀਸਰੀ ਵਾਰ ਪਹਿਨਣਗੇ ਦਿੱਲੀ ਦੇ ‘ਰਾਜੇ’ ਦਾ ਤਾਜ

0
1785

ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਸਾਰੇ ਵਿਧਾਇਕਾਂ ਨੇ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਵਿਧਾਇਕ ਦਲ ਦਾ ਨੇਤਾ ਚੁਣ ਲਿਆ ਅਤੇ ਇਕ ਸੁਰ ਵਿਚ ਉਨਾਂ ਨੂੰ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਕੇਜਰੀਵਾਲ ੧੬ ਫਰਵਰੀ ਨੂੰ ਰਾਮਲੀਲਾ ਮੈਦਾਨ ਵਿਚ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਇਹ ਤੀਜਾ ਮੌਕਾ ਹੋਵੇਗਾ ਜਦੋਂ ਰਾਮਲੀਲਾ – ਮੈਦਾਨ ਵਿਚ ਦਿੱਲੀ ਸਰਕਾਰ ਦੀ ਕੈਬਨਿਟ ਸਹੁੰ ਚੁੱਕੇਗੀ। ਪਹਿਲੀ ਵਾਰ ੨੦੧੩ ਵਿਚ ਸਹੁੰ ਚੁੱਕ ਪ੍ਰੋਗਰਾਮ ਹੋਇਆ ਸੀ, ਉਸ ਸਮੇਂ ਕੇਜਰੀਵਾਲ ਸਰਕਾਰ ੪੯ ਦਿਨ ਚੱਲੀ ਸੀ। ਦੂਜੀ ਵਾਰ ੧੪ ਫਰਵਰੀ ੨੦੧੫ ਨੂੰ ਕੇਜਰੀਵਾਲ ਸਰਕਾਰ ਨੇ ਸਹੁੰ ਚੁੱਕੀ ਸੀ ਅਤੇ ਹੁਣ ਤੀਜੀ ਵਾਰ ਵੀ ਇਸੇ ਇਤਿਹਾਸਕ ਮੈਦਾਨ ਵਿਚ ਸਹੁੰ ਚੁੱਕਣ ਜਾ ਰਹੀ ਹੈ।

ਇਸ ਤੋਂ ਪਹਿਲਾਂ ੨੦੧੧ ਵਿਚ ਇਸੇ ਇਤਿਹਾਸਕ ਮੈਦਾਨ ‘ਚ ਸਮਾਜਸੇਵੀ ਅੰਨਾ ਹਜ਼ਾਰੇ ਨੇ ਜਨ ਲੋਕਪਾਲ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਕੀਤੀ ਸੀ, ਜਿਸ ਵਿਚ ਅਰਵਿੰਦ ਕੇਜਰੀਵਾਲ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਅੰਦੋਲਨ ਤੋਂ ਬਾਅਦ ਕੇਜਰੀਵਾਲ ਨੇ ੨੦੧੨ ਵਿਚ, ਸਿਆਸੀ ਦਲ ਆਮ ਆਦਮੀ ਪਾਰਟੀ ਦਾ ਗਠਨ ਕੀਤਾ ਸੀ ਆਪ ਦੇ ਸੀਨੀਅਰ ਨੇਤਾ ਮਨੀਸ਼ ਸਿਸੋਦੀਆ ਨੇ ਦੱਸਿਆ ਕਿ ਸਹੁੰ ਚੁੱਕ ਸਮਾਗਮ ਲਈ ਦਿੱਲੀ ਦੇ ਦੋ ਕਰੋੜ ਲੋਕਾਂ ਨੂੰ ਸੱਦਾ ਦਿੱਤਾ ਗਿਆ ਹੈ। ਉਨਾਂ ਨੇ ਦਿੱਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿਚ ਸਮਾਗਮ ਵਿਚ ਪਹੁੰਚ ਕੇ ਅਰਵਿੰਦ ਕੇਜਰੀਵਾਲ ਨੂੰ ਅਸ਼ੀਰਵਾਦ ਦੇਣ। ਨਾਲ ਹੀ ਸਾਰੇ ਦਿੱਲੀ ਵਾਸੀ ਵੀ ਸਹੁੰ ਚੁੱਕਣ ਕਿ ਅਸੀਂ ਸਾਰੇ ਮਿਲ ਕੇ ਦਿੱਲੀ ਨੂੰ ਨਫਰਤ ਦੀ ਸਿਆਸਤ ਤੋਂ ਉੱਪਰ ਚੁੱਕਾਂਗੇ, ਇੱਥੇ ਵਿਕਾਸ ਦਾ ਇਕ ਅਜਿਹਾ ਮਾਡਲ ਬਣਾਵਾਂਗੇ, ਜਿੱਥੇ ਆਮ ਆਦਮੀ ਨਾਲ ਜੁੜੇ ਸਿੱਖਿਆ, ਸਿਹਤ ਅਤੇ ਬਿਜਲੀ ਤੇ ਪਾਣੀ ਵਰਗੇ ਮੁੱਦੇ ਸਿਆਸਤ ਦੇ ਕੇਂਦਰ ਵਿਚ ਹੋਣ। ਉਨਾਂ ਕਿਹਾ ਕਿ ਪਹਿਲੀ ਵਾਰ ਕੰਮ ਦੀ ਸਿਆਸਤ ਨੂੰ ਏਨਾ ਵੱਡਾ ਸਨਮਾਨ ਕਿਸੇ ਚੋਣ ਵਿਚ ਮਿਲਿਆ ਹੈ, ਜਨਤਾ ਨੇ ੭੦ ਵਿੱਚੋਂ ੬੨ ਸੀਟਾਂ ਦਿੱਤੀਆਂ ਹਨ।