ਹੰਦੋਸਤਾਨ ਦੀ ਸਰਜ਼ਮੀਨ ਤੋਂ ਹਜ਼ਾਰਾਂ ਮੀਲ ਦੂਰ ਸੱਤ ਸਮੁੰਦਰ ਪਾਰ ਕੈਨੇਡਾ ਦੀ ਧਰਤੀ ‘ਤੇ ਪੰਜਾਬੀਆਂ ਨੇ ਆਪਣੀ ਸਖ਼ਤ ਮਿਹਨਤ ਸਦਕਾ ਜਿਥੇ ਹਰ ਖੇਤਰ ਵਿਚ ਤਰੱਕੀ ਕੀਤੀ ਹੈ, ਉਥੇ ਸਿਆਸਤ ਦੇ ਪਿੜ ਵਿਚ ਵੀ ਸਫਲਤਾ ਦੇ ਝੰਡੇ ਗੰਡੇ ਹਨ। ਗੱਲ ਕਰਨ ਲੱਗੇ ਹਾਂ ਪੰਜਾਬ ਵਿਚ ਜਨਮੇ ਤੇ ਕੈਨੇਡਾ ਵਿਚ ਵੱਡੇ ਹੋ ਕੇ ਮੱਲਾਂ ਮਾਰਨ ਵਾਲੇ ਅੰਮ੍ਰਿਤਧਾਰੀ ਗੁਰਸਿੱਖ ਹਰਜੀਤ ਸਿੰਘ ਸੱਜਣ ਦੀ, ਜਿਸ ਨੂੰ ਕੈਨੇਡਾ ਦਾ ਦੂਸਰੀ ਵਾਰ ਦਸਤਾਰਧਾਰੀ ਗੁਰਸਿੱਖ ਰੱਖਿਆ ਮੰਤਰੀ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ। ਹਰਜੀਤ ਸਿੰਘ ਸੱਜਣ ਨੂੰ ਦੇਸ਼ ਭਗਤੀ ਦੀ ਭਾਵਨਾ ਅਤੇ ਸਮਾਜ ਸੇਵਾ ਕਰਨ ਦੀ ਗੁੜਤੀ ਵਿਰਸੇ ‘ਚੋਂ ਹੀ ਮਿਲੀ। ਹਰਜੀਤ ਸਿੰਘ ਦੇ ਦਾਦਾ ਜੀ ਫਕੀਰ ਸਿੰਘ ਸੱਜਣ ਲੰਮਾ ਸਮਾਂ ਪਿੰਡ ਬੰਬੇਲੀ ਦੇ ਨੰਬਰਦਾਰ ਰਹੇ ਅਤੇ ਪਿਤਾ ਕੁੰਦਨ ਸਿੰਘ ਸੱਜਣ ਨੇ ਕੈਨੇਡਾ ਆਉਣ ਤੋਂ ਪਹਿਲਾਂ ਪੰਜਾਬ ਪੁਲਿਸ ਵਿਚ ਬਤੌਰ ਹੌਲਦਾਰ ਸੇਵਾ ਨਿਭਾਈ। ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਜਨਮ ੬ ਸਤੰਬਰ, ੧੯੭੦ ਨੂੰ ਜ਼ਿਲ੍ਹਾ ਹੁਸ਼ਿਆਪੁਰ ਦੇ ਕਸਬਾ ਮਾਹਿਲਪੁਰ ਨੇੜਲੇ ਪਿੰਡ ਬੰਬੇਲੀ ਵਿਖੇ ਪਿਤਾ ਕੁੰਦਨ ਸਿੰਘ ਸੱਜਣ ਦੇ ਗ੍ਰਹਿ ਵਿਖੇ ਮਾਤਾ ਵਿੱਦਿਆ ਕੌਰ ਦੀ ਕੁੱਖ ਤੋਂ ਹੋਇਆ। ਸੰਨ ੧੯੭੨ ਵਿਚ ਕੁੰਦਨ ਸਿੰਘ ਸੱਜਣ ਕੈਨੇਡਾ ਆ ਗਏ। ਫਿਰ ਉਨ੍ਹਾਂ ਆਪਣੇ ਪਰਿਵਾਰ ਨੂੰ ਸਪਾਸਰ ਕੀਤਾ ਅਤੇ ਬੰਬੇਲੀ ਪਿੰਡ ਤੋਂ ਮਾਪਿਆਂ ਦਾ ਇਕਲੌਤਾ ਪੁੱਤਰ ਹਰਜੀਤ ਸਿੰਘ ਵੀ ਆਪਣੀ ਮਾਤਾ ਵਿੱਦਿਆ ਕੌਰ ਤੇ ਵੱਡੀ ਭੈਣ ਅਮਰਜੀਤ ਕੌਰ ਨਾਲ ਮਈ ੧੯੭੬ ਵਿਚ ਕੈਨੇਡਾ ਆ ਗਿਆ।
ਇਥੇ ਵੈਨਕੂਵਰ ਦੇ ਮੋਬਲੀ ਸਕੂਲ ‘ਚ ਪੜ੍ਹਾਈ ਕਰਨ ਉਪਰੰਤ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਤੋਂ ਉੱਚ ਵਿਦਿਆ ਪ੍ਰਾਪਤ ਕੀਤੀ ਤੇ ਸੰਨ ੧੯੮੯ ਵਿਚ ੧੯ ਸਾਲ ਦਾ ਸਾਬਤ ਸੂਰਤ ਦਸਤਾਰਧਾਰੀ ਸਿੱਖ ਨੌਜਵਾਨ ਹਰਜੀਤ ਸਿੰਘ ਕੈਨੇਡਾ ਦੀ ਫ਼ੌਜ ਵਿਚ ਭਰਤੀ ਹੋ ਗਿਆ।
ਦੇਸ਼ ਪ੍ਰਤੀ ਵਫ਼ਾਦਾਰੀ, ਸਖ਼ਤ ਮਿਹਨਤ ਅਤੇ ਲਗਨ ਨਾਲ ਕੰਮ ਕਰਨ ਵਾਲੇ ਹਰਜੀਤ ਸਿੰਘ ਸੱਜਣ ਨੂੰ ਫ਼ੌਜੀ ਜਵਾਨ ਤੋਂ ਲੈ ਕੇ ਲੈਫ਼ਟੀਨੈਂਟ ਕਰਨਲ ਦੇ ਅਹੁਦੇ ਤੱਕ ਪਹੁੰਚਣ ਦਾ ਮਾਣ ਪ੍ਰਾਪਤ ਹੋਇਆ ਹੈ।