ਅੰਮ੍ਰਿਤਸਰ: ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਲਈ ਬਣਾਈ ਗਈ ਟਰਮੀਨਲ ਇਮਾਰਤ (ਆਈਸੀਪੀ) ਦੇ ਉਦਘਾਟਨੀ ਪੱਥਰ ’ਤੇ ਪੰਜਾਬੀ ਭਾਸ਼ਾ ਨੂੰ ਥਾਂ ਨਾ ਦਿੱਤੇ ਜਾਣ ’ਤੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਕੇਂਦਰ ਸਰਕਾਰ ਦੇ ਹਰ ਪ੍ਰਾਜੈਕਟ ਦੇ ਨੀਂਹ ਪੱਥਰ ਅਤੇ ਸਾਈਨ ਬੋਰਡ ’ਤੇ ਦਿੱਤੀ ਜਾਣਕਾਰੀ ਸਭ ਤੋਂ ਪਹਿਲਾਂ ਪੰਜਾਬ ਦੀ ਸਰਕਾਰੀ ਭਾਸ਼ਾ ਪੰਜਾਬੀ ਵਿਚ ਦਿੱਤੀ ਜਾਣੀ ਚਾਹੀਦੀ ਹੈ।
ਡੇਰਾ ਬਾਬਾ ਨਾਨਕ ਵਿੱਚ ਬਣੀ ਇਸ ਟਰਮੀਨਲ ਇਮਾਰਤ ਦਾ ਉਦਘਾਟਨ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸੀ। ਸ੍ਰੀ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਸਬੰਧਿਤ ਮਹਿਕਮੇ ਨੂੰ ਚਾਹੀਦਾ ਹੈ ਕਿ ਉਹ ਇਸ ਗਲਤੀ ਨੂੰ ਤੁਰੰਤ ਸੁਧਾਰੇ ਤਾਂ ਕਿ ਇਸ ਟਰਮੀਨਲ ਇਮਾਰਤ ਦੇ ਨੀਂਹ ਪੱਥਰ ’ਤੇ ਬਾਬਾ ਨਾਨਕ ਦੀ ਬੋਲੀ ਨੂੰ ਥਾਂ ਮਿਲ ਸਕੇ। ਉਨ੍ਹਾਂ ਕਿਹਾ ਕਿ ਛੇਤੀ ਪੰਜਾਬ ’ਚ ਨਵਾਂ ਕਾਨੂੰਨ ਲਿਆਂਦਾ ਜਾ ਰਿਹਾ ਹੈ, ਜਿਸ ਦੇ ਲਾਗੂ ਹੋਣ ਨਾਲ ਸੂਬੇ ਦੇ ਸਾਰੇ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ, ਦੁਕਾਨਾਂ ਅਤੇ ਸ਼ੋਅ ਰੂਮਾਂ ਦੇ ਸਾਈਨ ਬੋਰਡਾਂ ਅਤੇ ਸੜਕਾਂ ਦੇ ਮੀਲ ਪੱਥਰਾਂ ’ਤੇ ਦਿਸ਼ਾ ਸੂਚਕ ਬੋਰਡਾਂ ’ਤੇ ਸਭ ਤੋਂ ਉਪਰ ਸਾਰੀ ਜਾਣਕਾਰੀ ਗੁਰਮੁਖੀ ਲਿਪੀ ਅਤੇ ਪੰਜਾਬੀ ਭਾਸ਼ਾ ਵਿੱਚ ਲਿਖੀ ਜਾਣੀ ਲਾਜ਼ਮੀ ਹੋ ਜਾਵੇਗੀ।
ਦਰਬਾਰ ਸਾਹਿਬ ਮੱਥਾ ਟੇਕ ਕੇ ਸ਼ਾਂਤੀ ਮਿਲੀ: ਓਪੀ ਸੋਨੀ
ਬੀਤੇ ਦਿਨ ਸ੍ਰੀ ਕਰਤਾਰਪੁਰ ਸਾਹਿਬ ਲਈ ਖੋਲ੍ਹੇ ਗਏ ਲਾਂਘੇ ਰਸਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਓ.ਪੀ. ਸੋਨੀ ਵੀ ਦਰਸ਼ਨਾਂ ਲਈ ਗਏ ਸਨ। ਦਰਸ਼ਨਾਂ ਉਪਰੰਤ ਅੰਮ੍ਰਿਤਸਰ ਪਹੁੰਚਣ ’ਤੇ ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ’ਚ ਗੁਰੂ ਨਾਨਕ ਦੀ ਕਰਮ ਭੂਮੀ ਵਿਖੇ ਮੱਥਾ ਟੇਕ ਕੇ ਉਨ੍ਹਾਂ ਨੂੰ ਸ਼ਾਂਤੀ ਮਿਲੀ ਹੈ।