ਹੁਣ ਜਦੋਂ ਜਗਤ ਗੁਰੂ ਬਾਬੇ ਨਾਨਕ ਦਾ ਅੱਜ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਤਾਂ ਚੜ੍ਹਦੇ ਪੰਜਾਬ ਵਾਲੇ ਪਾਸੇ ਜਿਥੇ ਸਿੱਖ ਅਤੇ ਕਾਂਗਰਸੀ ਲੀਡਰਾਂ ਨੇ ਆਪੋ-ਅਪਣੇ ਵਖਰੇ ਪ੍ਰੋਗਰਾਮ ਕਰ ਕੇ ਬਾਬੇ ਨਾਨਕ ਦੀ ਸਿਖਿਆ ਤੋਂ ਕੋਈ ਵੀ ਸਬਕ ਲੈਣ ਦਾ ਯਤਨ ਨਹੀਂ ਕੀਤਾ, ਉਥੇ ਕਰਤਾਰਪੁਰ ਦਾ ਲਾਂਘਾ ਖੋਲ੍ਹਣ ਵਾਲਾ ਪਾਕਿਸਤਾਨੀ ਪ੍ਰਧਾਨ ਮੰਤਰੀ ਸਹੀ ਅਰਥਾਂ ਵਿਚ ਸੱਚਾ ਨਾਨਕ ਨਾਮ ਲੇਵਾ ਸਾਬਤ ਹੋਇਆ ਹੈ। ਇਕ ਤਾਂ ਉਹਨੇ ਸਮੇਂ ਤੋਂ ਪਹਿਲਾਂ ਸਾਰੇ ਪ੍ਰਬੰਧ ਨੇਪਰੇ ਚੜ੍ਹਾ ਦਿਤੇ। ਦੂਜੇ ਉਹ ਵੀ ਵਧੀਆ ਢੰਗ ਨਾਲ। ਤੀਜਾ ਉਹਦੀ ਸਰਕਾਰ ਨੇ ਲਾਂਘੇ ਦੀ ਜਿਹੜੀ ਵੀਹ ਡਾਲਰਾਂ ਦੀ ਫ਼ੀਸ ਲਾਈ ਸੀ ਉਹ ਦੋ ਦਿਨਾਂ ਲਈ ਮਾਫ਼ ਕਰ ਕੇ ਜੱਸ ਖਟਿਆ।
ਇਸ ਦੇ ਉਲਟ ਇਥੋਂ ਦੇ ਲੀਡਰ ਆਪੋ ਵਿਚ ਸਿੰਗ ਭਿੜਾਉਂਦੇ ਰਹੇ ਹਨ ਜਾਂ ਫਿਰ ਸਿਹਰਾ ਲੈਣ ਦੀ ਦੌੜ ਵਿਚ ਇਕ-ਦੂਜੇ ਨੂੰ ਰੱਜ ਕੇ ਠਿੱਬੀਆਂ ਲਾਉਂਦੇ ਰਹੇ ਹਨ ਅਤੇ ਲਾਂਘਾ ਫ਼ੀਸ ਮਾਫ਼ੀ ਲਈ ਇਮਰਾਨ ਖ਼ਾਨ ਸਰਕਾਰ ਕੋਲ ਗਿੜਗੜਾਉਂਦੇ ਰਹੇ ਹਨ। ਉਂਜ ਹਿੰਮਤ ਨਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਈ ਹੈ ਅਤੇ ਨਾ ਹੀ ਤੇਰਾਂ ਅਰਬ ਦੇ ਬਜਟ ਵਾਲੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਕਿ ਉਹ ਘੱਟੋ ਘੱਟ ਨਵੰਬਰ ਦੇ ਸਾਰੇ ਮਹੀਨੇ ਦੀ ਫ਼ੀਸ ਅਪਣੇ ਜ਼ਿੰਮੇ ਲੈ ਲਵੇ। ਪੰਜਾਬ ਸਰਕਾਰ ਨੇ ਲਾਂਘੇ ਲਈ ਤਿਆਰ ਕੀਤੇ ਦਰਖ਼ਾਸਤ ਫ਼ਾਰਮ ਦੀ ਵੀਹ ਰੁਪਏ ਫ਼ੀਸ ਵੀ ਰੱਖ ਦਿਤੀ ਹੈ।
ਸਰਕਾਰ ਨੂੰ ਜੇ ਬਹੁਤਾ ਨਹੀਂ ਤਾਂ ਮਹੀਨੇ ਦੇ ਮਹੀਨੇ ਇਹ ਫ਼ੀਸ ਵੀ ਨਹੀਂ ਸੀ ਲੈਣੀ ਚਾਹੀਦੀ। ਇਹ ਵੀ ਕਿ ਜਿਸ ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਹੈ ਅਤੇ ਜਿਨ੍ਹਾਂ ਦੀ ਸਾਰੀ ਬਾਣੀ ਪੰਜਾਬੀ ਵਿਚ ਹੈ, ਇਸ ਤੋਂ ਉੱਕਾ ਹੀ ਸਬਕ ਨਾ ਸਿਖਦਿਆਂ ਹੋਇਆਂ ਦਰਖ਼ਾਸਤ ਫ਼ਾਰਮ ਵੀ ਅੰਗਰੇਜ਼ੀ ਵਿਚ ਛਪਵਾਏ ਹਨ ਹਾਲਾਂਕਿ ਇਸ ਦੇ ਦੂਜੇ ਪਾਸੇ ਪੰਜਾਬੀ ਭਾਸ਼ਾ ਵਿਚ ਵੀ ਫ਼ਾਰਮ ਛੱਪ ਸਕਦਾ ਹੈ। ਕੁਲ ਮਿਲਾ ਕੇ ਚਾਰ-ਚੁਫੇਰੇ ਮਾਇਆ ਅਤੇ ਚੌਧਰ ਦੀ ਖੇਡ ਹੈ। ਬਾਬਾ ਨਾਨਕ ਦਾ ਤਾਂ ਐਵੇਂ ਨਾਂ ਹੀ ਵਰਤਿਆ ਜਾ ਰਿਹਾ ਹੈ।