ਟਰੂਡੋ 20 ਨਵੰਬਰ ਨੂੰ ਮੁੜ ਸਾਂਭਣਗੇ ਕੈਨੇਡਾ ਦੀ ਕਮਾਨ

0
1040

ਟਰਾਂਟੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ ਹੈ ਕਿ ਅਗਲੀ ਸਰਕਾਰ ਦੇ ਗਠਨ ਵਾਸਤੇ ਕਿਸੇ ਪਾਰਟੀ ਨਾਲ ਗੱਠਜੋੜ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਉਹ ਆਪਣੀ ਨਵੀਂ ਕੈਬਨਿਟ ਦਾ ਗਠਨ ਕਰਨਗੇ ਅਤੇ ੨੦ ਨਵੰਬਰ ਨੂੰ ਰਾਜਧਾਨੀ ਓਟਾਵਾ ਵਿਖੇ ਸਹੁੰ-ਚੁੱਕ ਸਮਾਗਮ ਹੋਵੇਗਾ। ਸ੍ਰੀ ਟਰੂਡੋ ਨੇ ੨੧ ਅਕਤੂਬਰ ਨੂੰ ਪਈਆਂ ਵੋਟਾਂ ਤੋਂ ਬਾਅਦ ਰਾਤ ਨੂੰ ਆਏ ਚੋਣ ਨਤੀਜਿਆਂ ਤੋਂ ਬਾਅਦ ਓਟਾਵਾ ਵਿਖੇ ਪਹਿਲੀ ਵਾਰ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਕੈਬਨਿਟ ‘ਚ ਔਰਤਾਂ ਤੇ ਆਦਮੀਆਂ ਦੀ ਗਿਣਤੀ ਬਰਾਬਰ ਹੋਵੇਗੀ ਤੇ ਕੈਬਨਿਟ ‘ਚ ਸਾਰੇ ਖ਼ਿੱਤਿਆਂ ਨੂੰ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ
ਜਾਵੇਗੀ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅਲਬਰਟਾ ਤੇ ਸਸਕਾਚਵਾਨ ਤੋਂ ਲਿਬਰਲ ਪਾਰਟੀ ਦਾ ਇਕ ਵੀ ਉਮੀਦਵਾਰ ਜਿੱਤ ਨਹੀਂ ਸਕਿਆ ਤਾਂ ਉਨ੍ਹਾਂ ਪ੍ਰਾਂਤਾਂ ਨੂੰ ਕੈਬਨਿਟ ‘ਚ ਨੁਮਾਇੰਦਗੀ ਕਿਵੇਂ ਮਿਲੇਗੀ ਤਾਂ ਉਨ੍ਹਾਂ ਆਖਿਆ ਉਹ ਪ੍ਰਾਂਤਾਂ ਦੇ ਮੁੱਖ ਮੰਤਰੀਆਂ ਤੇ ਵੱਡੇ ਸ਼ਹਿਰਾਂ ਦੇ ਮੇਅਰਾਂ ਨਾਲ ਸੰਪਰਕ ‘ਚ ਹਨ ਅਤੇ ਇਸ ਮਸਲੇ ਦਾ ਢੁਕਵਾਂ ਹੱਲ ਕੱਢ ਲਿਆ ਜਾਵੇਗਾ। ਨਵੀਂ (ਘੱਟ-ਗਿਣਤੀ) ਸਰਕਾਰ ਦੇ ਗਠਨ ਲਈ ਕਿਸੇ ਪਾਰਟੀ ਨਾਲ ਗੱਠਜੋੜ ਕਰਨ ਦੀ ਗੱਲ ਨੂੰ ਰੱਦ ਕਰਦਿਆਂ ਸ੍ਰੀ ਟਰੂਡੋ ਨੇ ਆਖਿਆ ਦੇਸ਼ ਦੇ ਵੋਟਰਾਂ ਨੇ ਉਨ੍ਹਾਂ ਨੂੰ ਆਤਮ-ਚਿੰਤਨ ਕਰਨ ਵਾਲਾ ਫ਼ਤਵਾ ਦਿੱਤਾ ਹੈ ਜਿਸ ਨੂੰ ਪ੍ਰਵਾਨ ਕਰਦਿਆਂ ਉਹ ਸਾਰਿਆਂ ਦੇ ਸਹਿਯੋਗ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰਨਗੇ। ਮੁੱਦਿਆਂ ‘ਤੇ ਆਧਾਰਿਤ ਹਰੇਕ ਪਾਰਟੀ ਦਾ ਸਹਿਯੋਗ ਲਿਆ ਜਾ ਸਕਦਾ ਹੈ ਪਰ ਗੱਠਜੋੜ ਸਰਕਾਰ ਗਠਿਤ ਨਹੀਂ ਕੀਤੀ ਜਾਵੇਗੀ।
ਸ੍ਰੀ ਟਰੂਡੋ ਨੇ ਆਖਿਆ ਕਿ ਹੋਰਨਾਂ ਪਾਰਟੀਆਂ ਨਾਲ ਆਪਸੀ ਸਹਿਯੋਗ ਸਾਂਝੀ ਸਰਕਾਰ ਬਣਾਉਣ ਤੋਂ ਬਿਨਾਂ ਵੀ ਸੰਭਵ ਹੈ। ਉਨ੍ਹਾਂ ਦੇ ਇਸ ਸਟੈਂਡ ਤੋਂ ਸਪਸ਼ਟ ਹੈ ਕਿ ਦੇਸ਼ ਦੀ ਸੰਸਦ ‘ਚ ੩੩੮ ‘ਚੋਂ ੧੫੭ ਸੀਟਾਂ ਜਿੱਤ ਸਕੀ ਲਿਬਰਲ ਪਾਰਟੀ ਵਲੋਂ ਸਰਕਾਰ ਬਣਾਉਣ ਲਈ ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ.) ਜਾਂ ਕਿਸੇ ਹੋਰ ਪਾਰਟੀ ਨਾਲ ਗੱਠਜੋੜ ਨਹੀਂ ਕੀਤਾ ਜਾ ਰਿਹਾ ਅਤੇ ਨਵੀਂ ਸਰਕਾਰ ‘ਚ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਹੀ ਮੰਤਰੀ ਬਣਾਏ ਜਾਣਗੇ।
ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਕਿਊਬਕ ਅਤੇ ਅਲਬਰਟਾ ‘ਚੋਂ ਵੱਖਵਾਦ ਦੀਆਂ ਉੱਠ ਰਹੀਆਂ ਸੁਰਾਂ ਨਾਲ ਕਿਵੇਂ ਨਜਿੱਠਣਗੇ ਤਾਂ ਉਨ੍ਹਾਂ ਕਿਹਾ ਕਿ ਅਸੀਂ (ਲਿਬਰਲ) ਇਕ ਸੰਘੀ ਪਾਰਟੀ ਹਾਂ ਅਤੇ ਦੇਸ਼ ਨੂੰ ਇਕਜੁੱਟ ਰੱਖਣਾ ਸਾਡੀ ਸਭ ਤੋਂ ਵੱਡੀ ਪਹਿਲ ਰਹੇਗੀ।