ਜਗਮੀਤ ਨੂੰ ਸਖ਼ਤ ਮੁਕਾਬਲੇ ‘ਚੋਂ ਗੁਜ਼ਰਨਾ ਪੈ ਰਿਹਾ

0
1025

ਟੋਰਾਂਟੋ: ਕੈਨੇਡਾ ‘ਚ ਸੰਸਦੀ ਚੋਣਾਂ ਦੌਰਾਨ ਆਪਣੀ ਯੋਗਤਾ ਦੇ ਆਧਾਰ ‘ਤੇ ਸਭ ਤੋਂ ਵੱਧ ਅਸਰਦਾਰ ਨਿਊ ਡੈਮੋਕਰੈਟਿਕ ਪਾਰਟੀ (ਐਨ.ਡੀ.ਪੀ.) ਦੇ ਆਗੂ ਜਗਮੀਤ ਸਿੰਘ ਜਿੱਤ ਲਈ ਪੂਰੀ ਜਦੋ-ਜਹਿਦ ਕਰ ਰਹੇ ਹਨ। ਘੱਟ-ਗਿਣਤੀ ਭਾਈਚਾਰੇ ‘ਚੋਂ ਹੋਣ ਕਾਰਨ ਉਨ੍ਹਾਂ ਨੂੰ ਹੋਰਨਾਂ ਪਾਰਟੀਆਂ ਦੇ ਆਗੂਆਂ ਮੁਕਾਬਲੇ ਵੱਧ ਇਮਤਿਹਾਨਾਂ ਦੀਆਂ ਘੜੀਆਂ ‘ਚੋਂ ਗੁਜ਼ਰਨਾ ਪੈਂਦਾ ਹੈ ਪਰ ਇਸ ਦੇ ਬਾਵਜੂਦ ਮੁੱਦਿਆਂ ਉੱਪਰ ਪਕੜ ਤੇ ਹੇਠਲੇ ਪੱਧਰ ਤੱਕ ਲੋਕਾਂ ਦੀਆਂ ਮੁਸ਼ਕਿਲਾਂ ਦੀ ਸਮਝ ਤੇ ਔਖੇ ਮੌਕਿਆਂ ਦਾ ਸਾਹਮਣਾ ਕਰਨ ਸਮੇਂ ਠਰੰ੍ਹਮੇ ਵਾਲ਼ੇ ਗੁਣ ਨੇ ਵਿਰੋਧੀ ਲੋਕਾਂ ਦੇ ਮੂੰਹ ‘ਚ ਵੀ ਉਂਗਲ਼ਾਂ ਪਵਾਈਆਂ ਹਨ। ਗੋਰੇ ਭਾਈਚਾਰੇ ‘ਚ ਅਕਸਰ ਜਗਮੀਤ ਦੀ ਸ਼ਲਾਘਾ ਸੁਣਨ ਨੂੰ ਮਿਲਦੀ ਹੈ। ਚੋਣਾਂ ਸਮੇਂ ਕੀਤੇ ਜਾ ਰਹੇ ਸਰਵੇਖਣਾਂ ‘ਚ ਲੀਡਰਸ਼ਿਪ ਪੱਖੋਂ ਜਗਮੀਤ ਅਜਿਹਾ ਆਗੂ ਹੈ ਜਿਸ ਦੀ ਆਪਣੀ ਹਰਮਨ ਪਿਆਰਤਾ ਦਾ ਗਰਾਫ਼ ਲਗਾਤਾਰ ਉੱਪਰ ਗਿਆ ਹੈ। ੧੧ ਸਤੰਬਰ ਨੂੰ ਚੋਣਾਂ ਦਾ ਐਲਾਨ ਕੀਤਾ ਗਿਆ ਸੀ। ਉਦੋਂ ਤੋਂ ਅੰਗਰੇਜ਼ੀ ‘ਚ ਹੋਈ ਬਹਿਸ ਤੋਂ ਬਾਅਦ ੮ ਅਕਤੂਬਰ ਤੱਕ ਆਏ ਸਰਵੇਖਣਾਂ ‘ਚ ਜਗਮੀਤ ਦੀ ਲੋਕਾਂ ‘ਚ ਧਾਕ ੩੬ ਫ਼ੀਸਦੀ ਤੋਂ ਵੱਧ ਕੇ ੪੬ ਫ਼ੀਸਦੀ ਹੋ ਚੁੱਕੀ ਹੈ।
ਇਸੇ ਸਮੇਂ ਦੌਰਾਨ ਲਿਬਰਲ ਆਗੂ ਤੇ ਪ੍ਰਧਾਨ ਮੰਤਰੀ ਸ੍ਰੀ ਟਰੂਡੋ ਦੀ ਹਰਮਨ ਪਿਆਰਤਾ ੫੧ ਫ਼ੀਸਦੀ ਤੋਂ ਘੱਟ ਕੇ ੪੮ ਫ਼ੀਸਦੀ ਹੋ ਗਈ। ਇਸ ਲਿਹਾਜ਼ ਨਾਲ਼ ਹੁਣ ਚੋਣਾਂ ਤੋਂ ੧੦ ਦਿਨ ਪਹਿਲਾਂ ਟਰੂਡੋ ਤੇ ਜਗਮੀਤ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਲੋਕਾਂ ਦੀ ਕਰੀਬ ਬਰਾਬਰ ਦੀ ਪਸੰਦ ਹਨ। ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ੪੦ ਤੋਂ ੪੨ ਫ਼ੀਸਦੀ ਹੋਏ ਹਨ। ਗਰੀਨ ਪਾਰਟੀ ਦੀ ਆਗੂ ਏਲਿਜ਼ਾਬੈਥ ਮੇਅ ੪੧ ਤੋਂ ਘੱਟ ਕੇ ਹੁਣ ੩੬ ਫ਼ੀਸਦੀ ਲੋਕਾਂ ਦੀ ਪਸੰਦ ਹੈ। ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਮੈਕਸਿਮ ਬਰਨੀਏ ਆਗੂ ਵਜੋਂ ੧੫ ਕੁ ਫ਼ੀਸਦੀ ਲੋਕਾਂ ਦੀ ਪਸੰਦ ਹਨ।
ਹਰਮਨ ਪਿਆਰਤਾ ‘ਚ ਜਗਮੀਤ ਦੀ ਐਨ.ਡੀ.ਪੀ. ਅਜੇ ਵੀ ਤੀਸਰੇ ਨੰਬਰ (੧੩ ਫ਼ੀਸਦੀ) ‘ਤੇ ਹੈ। ਸਰਕਾਰ ਬਣਾਉਣ ਲਈ ਕੰਜ਼ਰਵੇਟਿਵ (੩੫ ਫ਼ੀਸਦੀ) ਅਤੇ ਲਿਬਰਲ (੩੬ ਫ਼ੀਸਦੀ) ਵਿਚਕਾਰ ਸਿੱਧੀ ਟੱਕਰ ਬਰਕਰਾਰ
ਹੈ।