ਟੋਰਾਂਟੋ: ਕੈਨੇਡਾ ਦੀ ਸੰਸਦ ਦੇ ਹੇਠਲੇ ਸਦਨ ਹਾਊਸ ਆਫ਼ ਕਾਮਨਜ਼ ਦੇ ਗਠਨ ਵਾਸਤੇ ੩੩੮ ਮੈਂਬਰ (ਐਮ.ਪੀ.) ਚੁਣਨ ਲਈ ਪ੍ਰਚਾਰ ਮੁਹਿੰਮ ਤੀਸਰੇ ਹਫ਼ਤੇ ‘ਚ ਦਾਖਲ ਹੋ ਚੁੱਕੀ ਹੈ। ਲਿਬਰਲ ਪਾਰਟੀ ਤੋਂ ਬਾਅਦ ਦੂਸਰੇ ਨੰਬਰ ਦੀ ਵੱਡੀ ਰਾਜਨੀਤਕ ਪਾਰਟੀ, ਕੰਜ਼ਰਵੇਟਿਵ ਪਾਰਟੀ ਵਲੋਂ ਅਗਲੀ ਸਰਕਾਰ ਦੇ ਗਠਨ ਲਈ ਕਾਂਟੇ ਦੀ ਟੱਕਰ ‘ਚ ਦੱਸੀ ਜਾਂਦੀ ਹੈ। ਕੈਨੇਡਾ ‘ਚ ਕੰਜ਼ਰਵੇਟਿਵ ਪਾਰਟੀ ਨੂੰ ਟੋਰੀ ਪਾਰਟੀ ਜਾਂ ਟੋਰੀਆਂ ਦੀ ਪਾਰਟੀ ਵੀ ਕਹਿ ਦਿੱਤਾ ਜਾਂਦਾ ਹੈ। ਇਸ ਦੇ ਝੰਡੇ ਅਤੇ ਬੈਨਰ ਨੀਲੇ ਰੰਗ ਦੇ ਹਨ, ਜਦਕਿ ਲਿਬਰਲ ਪਾਰਟੀ ਨੇ ਲਾਲ ਰੰਗ ਨੂੰ ਅਪਣਾਇਆ ਹੈ। ਬਰਤਾਨਵੀ ਮੱਧ-ਸੱਜੇ ਪੱਖੀ ਰਾਜਨੀਤਕ ਖੇਮਿਆਂ ‘ਚ ਟੋਰੀ ਨਾਮ ਜਾਂ ਟੋਰੀਵਾਦ (ਰਜਵਾੜਾਸ਼ਾਹੀ) ੧੬੮੦ਵਿਆਂ ਤੋਂ ਚੱਲਦਾ ਆ ਰਿਹਾ ਹੈ, ਜੋ ਗੋਰਿਆ ਦੇ ਸਾਮਰਾਜ ਨਾਲ ਅਮਰੀਕਾ ਅਤੇ ਫਿਰ ਕੈਨੇਡਾ ਤੱਕ ਵੀ ਪੁੱਜਾ। ਟੋਰੀਆਂ ਦੀ ਕੰਜ਼ਰਵੇਟਿਵ ਸੋਚ ਮੁਤਾਬਿਕ ਸਮਾਜ ‘ਚ ਕਿਸੇ ਖ਼ਾਸ ਭਾਈਚਾਰੇ (ਘੱਟ-ਗਿਣਤੀ) ਨੂੰ ਵਿਸ਼ੇਸ਼ ਰਿਆਇਤਾਂ ਨਹੀਂ ਦਿੱਤੀਆਂ ਜਾਣੀਆਂ ਚਾਹੀਦੀਆਂ, ਕਿਉਂਕਿ ਅਜਿਹੀ ਨੀਤੀ ਨੂੰ ਉਹ ਬਹੁ-ਗਿਣਤੀ ਭਾਈਚਾਰੇ ਨਾਲ ਵਿਤਕਰੇ ਵਜੋਂ ਦੇਖਦੇ ਹਨ।