ਤਰਨਤਾਰਨ ਤੋਂ ਪਾਕਿ ਤੋਂ ਹਥਿਆਰ ਲਿਆਉਣ ਵਾਲਾ ਡਰੋਨ ਮਿਲਿਆ

0
1057

ਅੰਮ੍ਰਿਤਸਰ: ਪਾਕਿਸਤਾਨ ਤੋਂ ਹਥਿਆਰਾਂ ਦੀ ਵੱਡੀ ਖੇਪ ਨੂੰ ਸਰਹੱਦ ਪਾਰ ਕਰਵਾਉਣ ਵਾਲਾ ਡਰੋਨ ਪੰਜਾਬ ਪੁਲਿਸ ਨੇ ਬਰਾਮਦ ਕਰ ਲਿਆ ਹੈ। ਪੰਜਾਬ ਪੁਲਿਸ ਦੀ ਖੁਫ਼ੀਆ ਸ਼ਾਖਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸਐੱਸਓਸੀ) ਨੇ ਫੜੇ ਗਏ ਅੱਤਵਾਦੀਆਂ ਦੀ ਨਿਸ਼ਾਨਦੇਹੀ ‘ਤੇ ਇਹ ਡਰੋਨ ਭਾਰਤ-ਪਾਕਿ ਸਰਹੱਦ ‘ਤੇ ਸਥਿਤ ਜ਼ਿਲ੍ਹਾ ਤਰਨਤਾਰਨ ਦੇ ਝੱਬਾਲ ਖੇਤਰ ਤੋਂ ਬਰਾਮਦ ਕੀਤਾ ਹੈ।ਜ਼ਿਕਰਯੋਗ ਹੈ ਕਿ ਹਥਿਆਰਾਂ ਨਾਲ ਫੜੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਅੱਤਵਾਦੀਆਂ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਇਸ ਡਰੋਨ ਨੂੰ ਸਾੜ ਕੇ ਨਸ਼ਟ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਜਦੋਂ ਇਹ ਪੂਰੀ ਤਰ੍ਹਾਂ ਜਲ਼ ਨਹੀਂ ਸਕਿਆ ਤਾਂ ਉਸ ਨੂੰ ਝੱਬਾਲ ਦੇ ਇਕ ਖਾਲੀ ਗੋਦਾਮ ਵਿਚ ਲੁਕਾ ਕੇ ਰੱਖ ਦਿੱਤਾ ਗਿਆ। ਰਿਮਾਂਡ ਦੌਰਾਨ ਪੁੱਛਗਿੱਛ ਦੌਰਾਨ ਅੱਤਵਾਦੀ ਆਕਾਸ਼ਦੀਪ ਸਿੰਘ ਅਤੇ ਉਸ ਦੇ ਸਾਥੀਆਂ ਨੇ ਜਿਵੇਂ ਹੀ ਇਸ ਬਾਰੇ ਰਾਜ਼ ਖੋਲ੍ਹਿਆ ਤਾਂ ਐੱਸਐੱਸਓਸੀ ਦੀ ਟੀਮ ਨੇ ਇਹ ਅੱਧ ਜਲ਼ਿਆ ਡਰੋਨ ਗੋਦਾਮ ਤੋਂ ਬਰਾਮਦ ਕੀਤਾ।ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦਾ ਕਹਿਣਾ ਹੈ ਕਿ ਡਰੋਨ ਰਾਹੀਂ ਹਥਿਆਰ ਆਉਣਾ ਪੰਜਾਬ ਪੁਲਿਸ, ਬੀਐੱਸਐੱਫ ਅਤੇ ਏਅਰਫੋਰਸ ਲਈ ਵੱਡੀ ਚੁਣੌਤੀ ਹੈ।
ਡਰੋਨ ਚੁੱਕ ਸਕਦਾ ਏਕੇ-੪੭: ਫੜੇ ਗਏ ਡਰੋਨ ਦਾ ਵਜ਼ਨ ਲਗਪਗ ੧੦ ਕਿਲੋ ਹੈ। ਇਹ ਇਕ ਵਾਰ ਵਿਚ ਸਾਢੇ ਚਾਰ ਕਿੱਲੋ ਦੀ ਇਕ ਏਕੇ-੪੭ ਰਾਈਫਲ ਉਡਾ ਕੇ ਲਿਆ ਸਕਦਾ ਹੈ। ਹੁਣ ਇਸ ਗੱਲ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਡਰੋਨ ਕਿੰਨੀ ਵਾਰ ਕੰਡਿਆਲੀ ਤਾਰ ਪਾਰ ਕਰਕੇ ਭਾਰਤ ਆਇਆ। ਸਿਰਫ਼ ਇਕ ਹੀ ਡਰੋਨ ਇਸ ਕੰਮ ਵਿਚ ਲਗਾਇਆ ਗਿਆ ਸੀ ਜਾਂ ਡਰੋਨ ਦੀ ਗਿਣਤੀ ਜ਼ਿਆਦਾ ਹੈ। ਮੰਨਿਆ ਜਾ ਰਿਹਾ ਹੈ ਕਿ ਪਾਕਿ ਖੁਫੀਆ ਏਜੰਸੀ ਆਈਐੱਸਆਈ ਵੱਲੋਂ ਤਿੰਨ-ਚਾਰ ਤਰ੍ਹਾਂ ਦੇ ਡਰੋਨਾਂ ਵਿਚ ਜਾਲ੍ਹੀ ਕਰੰਸੀ ਅਤੇ ਹਥਿਆਰ ਭੇਜੇ ਗਏ ਹੋਣਗੇ।ਆਕਾਸ਼ਦੀਪ ਸਿੰਘ ਉਰਫ਼ ਆਕਾਸ਼, ਬਲਵੰਤ ਸਿੰਘ ਉਰਫ਼ ਬਾਬਾ ਉਰਫ਼ ਨਿਹੰਗ, ਹਰਭਜਨ ਸਿੰਘ, ਬਲਬੀਰ ਸਿੰਘ ਅਤੇ ਮਾਨ ਸਿੰਘ ਤੋਂ ਪੁੱਛਗਿੱਛ ਜਾਰੀ ਹੈ।