ਹੁਣ ਅਣਐਲਾਨੇ ਪਰਿਵਾਰਕ ਮੈਂਬਰ ਵੀ ਕੈਨੇਡਾ ‘ਚ ਹੋ ਸਕਣਗੇ ਪੱਕੇ

0
1052

ਕੈਨੇਡਾ ‘ਚ ਪੱਕੇ ਹੋਣ ਲਈ ਅਰਜ਼ੀ ਦੇਣ ਵੇਲੇ ਬਿਨੈਕਾਰ ਨੂੰ ਆਪਣੀ ਜਾਣਕਾਰੀ ਤੋਂ ਇਲਾਵਾ ਆਪਣੇ ਸਾਰੇ ਪਰਿਵਾਰਕ ਮੈਂਬਰਾਂ ਦੀ ਜਾਣਕਾਰੀ ਦੇਣੀ ਲਾਜ਼ਮੀ ਹੁੰਦੀ ਹੈ ਤੇ ਬਿਨੈਕਾਰ ਤੋਂ ਇਲਾਵਾ ਉਨ੍ਹਾਂ ਮੈਂਬਰਾਂ ਦੀ ਵੀ ਜਾਂਚ ਪੜਤਾਲ ਕੀਤੀ ਜਾਂਦੀ ਹੈ। ਪਰ ਕੁਝ ਕਾਰਨਾਂ ਕਰਕੇ ਬਿਨੈਕਾਰ ਇਨ੍ਹਾਂ ਮੈਂਬਰਾਂ ਦੀ ਜਾਣਕਾਰੀ ਦੇਣੀ ਮੁਨਾਸਿਬ ਨਹੀਂ ਸਮਝਦੇ ਕਿਉਂਕਿ ਕਿਸੇ ਵੀ ਪਰਿਵਾਰਕ ਮੈਂਬਰ ਦੀ ਕੈਨੇਡਾ ‘ਚ ਆਮਦ ਲਈ ਅਯੋਗ ਹੋਣ ਦੀ ਸਥਿਤੀ ‘ਚ ਇਸਦਾ ਪ੍ਰਭਾਵ ਬਿਨੈਕਾਰ ਦੀ ਅਰਜੀ ‘ਤੇ ਪੈਂਦਾ ਹੈ ਜਿਸ ਦੇ ਨਤੀਜੇ ਬਿਨੈਕਾਰ ਨੂੰ ਬਾਅਦ ‘ਚ ਭੁਗਤਣੇ ਪੈਂਦੇ ਹਨ ਤੇ ਉਹ ਅਣਐਲਾਨੇ ਮੈਂਬਰ ਬਿਨੈਕਾਰ ਦੇ ਪਰਿਵਾਰਕ ਮੈਂਬਰ ਦੇ ਤੌਰ ‘ਤੇ ਜ਼ਿੰਦਗੀ ਭਰ ਲਈ ਕੈਨੇਡਾ ਆਉਣ ਦਾ ਹੱਕ ਗੁਆ ਬੈਠਦੇ ਹਨ। ਇਸ ਤਹਿਤ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਕ ਨਵਾਂ ਪਾਇਲਟ ਪ੍ਰੋਗਰਾਮ ਅਮਲ ‘ਚ ਲਿਆਂਦਾ ਹੈ ਜਿਸ ਅਧੀਨ ਕੋਈ ਵੀ ਪੀਆਰ, ਕੈਨੇਡੀਅਨ ਸਿਟੀਜ਼ਨ ਜਾਂ ਸ਼ਰਨਾਰਥੀ ਆਪਣੇ ਵੱਲੋਂ ਅਣਐਲਾਨੇ ਪਰਿਵਾਰਕ ਮੈਬਰਾਂ ਨੂੰ ਮੁੜ ਤੋਂ ਰਾਹਦਾਰੀ (ਸਪਾਂਸਰਸ਼ਿਪ) ਦੇ ਕੇ ਪੱਕੇ ਤੌਰ ‘ਤੇ ਕੈਨੇਡਾ ਬੁਲਾ ਸਕੇਗਾ। ਇਮੀਗ੍ਰੇਸ਼ਨ ਵਿਭਾਗ ਅਨੁਸਾਰ ਅਜਿਹਾ ਕਰਨ ਨਾਲ ਬਾਹਰੋਂ ਆਏ ਲੋਕ ਆਪਣੇ ਪਿੱਛੇ ਰਹਿੰਦੇ ਪਰਿਵਾਰਕ ਮੈਂਬਰਾਂ ਬਾਰੇ ਮੁਕੰਮਲ ਜਾਣਕਾਰੀ ਦੇਣ ਲਈ ਉਤਸ਼ਾਹਿਤ ਹੋਣਗੇ। ਜਿਸ ਨਾਲ ਫੈਮਿਲੀ ਕਲਾਸ ਇਮੀਗ੍ਰੇਸ਼ਨ ਕੈਟਾਗਰੀ ਦਾ ਗ਼ਲਬਾ ਕਾਇਮ ਰਹੇਗਾ ਅਤੇ ਲੋਕ ਇਸ ਕੈਟਾਗਰੀ ਤਹਿਤ ਕੈਨੇਡਾ ਆਉਣ ਲਈ ਨਿਯਮਾਂ ਦੀ ਦੁਰਵਰਤੋਂ ਨਹੀਂ ਕਰ ਸਕਣਗੇ।
੯ ਸਤੰਬਰ ੨੦੧੯ ਤੋਂ ਲਾਗੂ ਹੋਏ ਤੇ ਪੂਰੇ ਦੋ ਸਾਲ ਚੱਲਣ ਵਾਲੇ ਇਸ ਪ੍ਰੋਗਰਾਮ ਤਹਿਤ ਆਉਣ ਵਾਲੇ ਪਰਿਵਾਰਕ ਮੈਂਬਰਾਂ ‘ਚ ਪਤੀ/ਪਤਨੀ, ਜੀਵਨ ਸਾਥੀ, ਬਿਨੈਕਾਰ ਉੱਤੇ ਨਿਰਭਰ ਨਾਬਾਲਿਗ ਬੱਚੇ, ਬੱਚਿਆਂ ਦੇ ਬੱਚੇ, ਮਾਤਾ ਪਿਤਾ ਅਤੇ ੨੨ ਸਾਲ ਤੋਂ ਘੱਟ ਭੈਣ ਭਰਾ ਸ਼ਾਮਲ ਹੋ ਸਕਣਗੇ। ਪਰ ਇਹਨਾਂ ਪਰਿਵਾਰਕ ਮੈਂਬਰਾਂ ‘ਤੇ ਇਕ ਸ਼ਰਤ ਵੀ ਲਾਗੂ ਹੋਵੇਗੀ ਕਿ ਉਹਨਾਂ ਮੈਂਬਰਾਂ ‘ਤੇ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੋਇਆ ਹੋਣਾ ਚਾਹੀਦਾ ਤੇ ਉਸ ਉੱਤੇ ਪਹਿਲਾਂ ਕਦੇ ਕੈਨੇਡਾ ‘ਚ ਦਾਖ਼ਲ ਹੋਣ ਉੱਤੇ ਕੋਈ ਪਾਬੰਦੀ ਨਹੀਂ ਲੱਗੀ ਹੋਣੀ ਚਾਹੀਦੀ।