ਨਿਯਮਿਤ ਸਮੇਂ ’ਤੇ ਚਾਹ ਪੀਣ ਵਾਲੇ ਲੋਕਾਂ ਦੇ ਦਿਮਾਗ ਦਾ ਹਰ ਹਿੱਸਾ ਚਾਹ ਨਾ ਪੀਣ ਵਾਲੇ ਲੋਕਾਂ ਦੀ ਤੁਲਨਾ ਵਿਚ ਬਿਹਤਰ ਢੰਗ ਨਾਲ ਕੰਮ ਕਰਦਾ ਹੈ। ਇਹ ਦਾਅਵਾ ਏਜਿੰਗ ਜਨਰਲ ਵਿਚ ਛਪੀ ਖੋਜ ਰਾਹੀਂ ਕੀਤਾ ਗਿਆ ਹੈ। ਇਸ ਸਰਵੇਖਣ ਵਿਚ 36 ਬਜ਼ੁਰਗਾਂ ਦੇ ਨਿਊਰੋਇਮੇਜਿੰਗ ਅੰਕੜਿਆਂ ਦੀ ਪੜਤਾਲ ਕੀਤੀ ਗਈ। ਨੈਸ਼ਨਲ ਯੂਨੀਵਰਸਿਟੀ ਆਫ ਸਿੰਗਾਪੁਰ ਦੇ ਸਹਾਇਕ ਪ੍ਰੋਫੈਸਰ ਫੇਂਗ ਲੇਈ ਨੇ ਕਿਹਾ ਕਿ ਉਨ੍ਹਾਂ ਦੇ ਸਰਵੇਖਣ ਦੇ ਨਤੀਜੇ ਚਾਹ ਨਾਲ ਦਿਮਾਗ ’ਤੇ ਪੈਣ ਵਾਲੇ ਸਕਾਰਾਤਮਕ ਪ੍ਰਭਾਵਾਂ ਦੀ ਪੁਸ਼ਟੀ ਕਰਦੇ ਹਨ। ਇਹ ਨਤੀਜੇ ਦਰਸਾਉਂਦੇ ਹਨ ਕਿ ਨਿਯਮਿਤ ਸਮੇਂ ’ਤੇ ਚਾਹ ਪੀਣ ਨਾਲ ਦਿਮਾਗੀ ਢਾਂਚੇ ਵਿਚ ਉਮਰ ਨਾਲ ਆਉਣ ਵਾਲੀ ਗਿਰਾਵਟ ਦਾ ਅਸਰ ਵੀ ਘਟਦਾ ਹੈ। ਸਰਵੇਖਣਕਾਰਾਂ ਨੇ ਇਹ ਵੀ ਕਿਹਾ ਕਿ ਚਾਹ ਪੀਣਾ ਮਨੁੱਖੀ ਸਿਹਤ ਲਈ ਲਾਭਕਾਰੀ ਹੈ ਤੇ ਇਸ ਨਾਲ ਦਿਲ ਤੇ ਨਸਾਂ ਦੀਆਂ ਬਿਮਾਰੀਆਂ ਤੋਂ ਵੀ ਕੁਝ ਹੱਦ ਤਕ ਰਾਹਤ ਮਿਲਦੀ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਜੋ ਲੋਕ 25 ਸਾਲਾਂ ਤਕ ਹਫਤੇ ਵਿਚ ਚਾਰ ਵਾਰ ਗਰੀਨ ਟੀ ਜਾਂ ਬਲੈਕ ਟੀ ਪੀਂਦੇ ਹਨ ਉਨ੍ਹਾਂ ਦੇ ਦਿਮਾਗ ਦਾ ਹਰ ਹਿੱਸਾ ਪ੍ਰਭਾਵੀ ਢੰਗ ਨਾਲ ਇਕ ਦੂਜੇ ਨਾਲ ਜੁੜਦਾ ਹੈ।