ਰਾਤਾਂ ਸੜਕਾਂ ਉਪਰ ਕੱਟਣ ਲਈ ਮਜਬੂਰ ਹਨ ਕੈਨੇਡਾ ‘ਚ ਨਵੇਂ ਆਏ ਪਰਵਾਸੀ

0
1283

ਵੈਨਕੂਵਰ: ਕੈਨੇਡਾ ‘ਚ ਬੇਘਰ ਲੋਕਾਂ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ ਪਰ ਤਾਜ਼ਾ ਅੰਕੜੇ ਹੈਰਾਨ ਕਰਨ ਵਾਲੇ ਹਨ। ਜਿਨ੍ਹਾਂ ਮੁਤਾਬਕ ਕੈਨੇਡਾ ‘ਚ ਨਵੇਂ ਆਏ ਪਰਵਾਸੀ ਰਹਿਣ ਬਸੇਰਿਆਂ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ ਤੇ ਸੜਕਾਂ ‘ਤੇ ਰਾਤਾਂ ਕੱਟਣ ਲਈ ਮਜਬੂਰ ਹਨ। ਇੰਪਲਾਇਮੈਂਟ ਐਂਡ ਸੋਸ਼ਲ ਡਿਵਲਪਮੈਂਟ ਕੈਨੇਡਾ ਵਲੋਂ ਜਾਰੀ ਕੀਤੀਆਂ ਦੋ ਰਿਪੋਰਟਾਂ ‘ਚ ਬੇਘਰ ਲੋਕਾਂ ਦੀ ਸਮੱਸਿਆ ਬਾਰੇ ਵਿਸਥਾਰ ਨਾਲ ਅੰਕੜੇ ਪੇਸ਼ ਕੀਤੇ ਗਏ ਹਨ। ਨੈਸ਼ਨਲ ਸ਼ੈਲਟਰ ਸਟੱਡੀ ‘ਚ ਕਿਹਾ ਗਿਆ ਹੈ ਕਿ ੨੦੦੫ ਤੋਂ ੨੦੧੬ ਤੱਕ ਰਫਿਊਜੀਆਂ ਵਲੋਂ ਰਹਿਣ ਬਸੇਰਿਆਂ ਦੀ ਵਰਤੋਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ੨੦੧੬ ‘ਚ ਦੋ ਹਜ਼ਾਰ ਰਫਿਊਜ਼ੀ ਸ਼ੈਲਟਰਾਂ ‘ਚ ਰਾਤਾਂ ਕੱਟ ਰਹੇ ਸਨ ਜਦਕਿ ੨੦੧੪ ‘ਚ ਇਹ ਅੰਕੜਾ ੧ ਹਜ਼ਾਰ ਸੀ। ਬੇਘਰਾਂ ਦੀ ਸਮੱਸਿਆ ਦੇ ਖਾਤਮੇ ਲਈ ਬਣੇ ਕੈਨੇਡੀਅਨ ਅਲਾਇੰਸ ਦੇ ਮੁਖੀ ਟਿਮ ਰਿਕਟਰ ਦਾ ਕਹਿਣਾ ਸੀ ਕਿ ਰਫਿਊਜੀਆਂ ਦੇ ਬੇਘਰ ਹੋਣ ਦੀ ਸੰਭਾਵਨਾ ਇਸ ਲਈ ਵੀ ਵਧ ਜਾਂਦੀ ਹੈ ਕਿਉਂਕਿ ਉਹ ਕਿਰਾਏ ਦੇ ਘਰ ਲੈਣ ‘ਚ ਸਮਰੱਥ ਨਹੀਂ ਹੁੰਦੇ, ਜਿਥੇ ਉਨ੍ਹਾਂ ਨੂੰ ਵਸਾਇਆ ਜਾਂਦਾ ਹੈ।
ਟਿਮ ਨੇ ਕਿਹਾ ਕਿ ਜ਼ਿਆਦਾਤਰ ਰਫਿਊਜ਼ੀ ਟੋਰਾਂਟੋ ਤੇ ਕਿਊਬਿਕ ਵੱਲ ਜਾ ਰਹੇ ਹਨ ਤੇ ਟੋਰਾਂਟੋ ਦੇ ਮਕਾਨਾਂ ਦੇ ਕਿਰਾਏ ਬਾਰੇ ਅਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਰਹਿਣ ਬਸੇਰਿਆਂ ਦੀ ਉਪਲੱਬਧਤਾ ਤੇ ਕਿਰਾਏ ਦੇ ਮਕਾਨਾਂ ਨਾਲ ਜੁੜੀ ਹੋਈ ਹੈ। ਜਦੋਂ ਵੀ ਕੋਈ ਪਰਵਾਸੀ ਨਵਾਂ ਕੈਨੇਡਾ ਆਉਂਦਾ ਹੈ ਤਾਂ ਉਹ ਕੈਨੇਡਾ ‘ਚ ਘਰ ਖਰੀਦਣ ਬਾਰੇ ਤਾਂ ਸੋਚ ਹੀ ਨਹੀਂ ਸਕਦਾ। ਦੂਜਾ ਵੱਡਾ ਕਾਰਨ ਇਹ ਹੈ ਕਿ ਪਰਵਾਸੀਆ ਦੀ ਆਮਦਨ ਵੀ ਇੰਨੀ ਨਹੀਂ ਹੁੰਦੀ ਕਿ ਉਹ ਆਸਮਾਨ ਛੂੰਹਦੇ ਕਿਰਾਏ ਦੇ ਸਕਣ।
ਦੂਜੀ ਰਿਪੋਰਟ ‘ਪੁਆਇੰਟ ਇਨ ਟਾਈਮ’ ਕੈਨੇਡਾ ‘ਚ ਵਸਦੇ ੬੧ ਭਾਈਚਾਰਿਆਂ ‘ਤੇ ਆਧਾਰਿਤ ਹੈ ਤੇ ਇਸ ਮੁਤਾਬਕ ਸਾਲ ੨੦੧੮ ‘ਚ ਮੁਲਕ ਦੇ ਕੁੱਲ ਬੇਘਰਾਂ ‘ਚੋਂ ੧੪ ਫੀਸਦੀ ਨਵੇਂ ਆਏ ਪਰਵਾਸੀ ਸਨ। ੧੪ ਫੀਸਦੀ ਦੇ ਇਸ ਅੰਕੜੇ ਨੂੰ ਅੱਗੇ ਪਰਵਾਸੀਆਂ, ਰਫਿਊਜੀਆਂ ਤੇ ਰਫਿਊਜੀ ਵਜੋਂ ਦਾਅਵਾ ਪੇਸ਼ ਕਰਨ ਵਾਲਿਆਂ ਵਿਚਾਲੇ ਵੰਡਿਆ ਗਿਆ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਨਵੇਂ ਪਰਵਾਸੀ ਸੜਕਾਂ ‘ਤੇ ਰਾਤਾਂ ਕੱਟਣ ਲਈ ਮਜਬੂਰ
ਹਨ।
ਜਿਹੜੇ ਪਰਵਾਸੀ ਕਿਰਾਏ ਦਾ ਮਕਾਨ ਜਾਂ ਬੇਸਮੈਂਟ ਲੱਭਣ ‘ਚ ਸਫਲ ਨਹੀਂ ਹੁੰਦੇ ਉਨ੍ਹਾਂ ਲਈ ਹਾਲਾਤ ਬਹੁਤ ਖਰਾਬ ਹੋ ਜਾਂਦੇ ਹਨ। ਇਕੱਲੇ ਟੋਰਾਂਟੋ ‘ਚ ਸੜਕਾਂ ‘ਤੇ ਮਰਨ ਵਾਲਿਆਂ ਦਾ ਅੰਕੜਾ ਇਕ ਹਜ਼ਾਰ ਹੋ ਗਿਆ ਹੈ ਤੇ ਇਨ੍ਹਾਂ ‘ਚੋਂ ਜ਼ਿਆਦਾਤਰ ਦੀ ਪਛਾਣ ਤੱਕ ਨਹੀਂ
ਹੁੰਦੀ। ਇਸੇ ਤਰ੍ਹਾਂ ਹੁਣ ਪਰਵਾਸੀਆਂ ਨੂੰ ਕੈਨੇਡਾ ਵਿਚ ਰੁਜ਼ਗਾਰ ਲੱਭਣ ਲਈ ਵੀ ਥਾਂ-ਥਾਂ ਟੱਕਰਾਂ ਖਾਣੀਆਂ ਪੈ ਰਹੀਆਂ ਅਤੇ ਪਰਵਾਸੀਆਂ ਦਾ ਮਾਲਕਾਂ ਵੱਲੋਂ ਰੱਜ ਕੇ ਵਿੱਤੀ ਸ਼ੋਸ਼ਨ ਵੀ ਕੀਤਾ ਜਾ ਰਿਹਾ ਹੈ।