ਹਥਿਆਰ ਬਣਾਉਣ ਦਾ 2,200 ਸਾਲ ਪੁਰਾਣਾ ਕਾਰਖਾਨਾ

0
2242

ਹਥਿਆਰ ਬਣਾਉਣ ਦੇ 2,200 ਸਾਲ ਪੁਰਾਣਾ ਕਾਰਖਾਨਾ ਪਾਕਿਸਤਾਨ ‘ਚ ਮਿਲਿਆ ਹੈ। ਪੁਰਾਤੱਤਵ ਮਾਹਿਰਾਂ ਨੇ ਉਕਤ ਕਾਰਖਾਨੇ ਦੇ ਪਥਰਾਟ ਨੂੰ ਪਿਸ਼ਾਵਰ ਨੇੜੇ ਹਯਾਤਾਬਾਦ ਤੋਂ ਲੱਭਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਕਾਰਖਾਨਾ ਈਸਾ ਪੂਰਵ ਦੀ ਆਖਰੀ ਦੋ ਸ਼ਤਾਬਦੀ ਦੌਰਾਨ ਹੋਂਦ ਵਿੱਚ ਰਹੇ ਇੰਡੋ-ਗ੍ਰੀਕ ਕਾਲ ਦਾ ਹੋ ਸਕਦਾ ਹੈ। ਇੰਡੋ-ਗ੍ਰੀਕ ਮੂਲ ਦੇ ਲੋਕ ਅਫਗਾਨਿਸਤਾਨ ਤੋਂ ਪਿਸ਼ਾਵਰ ਆਏ ਸਨ। ਉਨ੍ਹਾਂ ਨੇ ਕਰੀਬ ੧੫੦ ਸਾਲਾਂ ਤਕ ਉੱਥੇ ਰਾਜ ਕੀਤਾ।
ਯੂਨੀਵਰਸਿਟੀ ਆਫ ਪਿਸ਼ਾਵਰ ਦੇ ਪੁਰਾਤੱਤਵ ਮਾਹਿਰ ਪਿਛਲੇ ਤਿੰਨ ਸਾਲ ਤੋਂ ਹਯਾਤਾਬਾਦ ਇਲਾਕੇ ਵਿੱਚ ਖੁਦਾਈ ਕਰਵਾ ਰਹੇ ਸਨ। ਇਹ ਇਲਾਕਾ ਮੈਂਬਰ ਜ਼ਿਲ੍ਹੇ ਨਾਲ ਵੀ ਲੱਗਦਾ ਹੈ। ਪ੍ਰੋਫੈਸਰ ਗੁਲ ਰਹੀਮ ਦਾ ਕਹਿਣਾ ਹੈ ਕਿ ਖੁਦਾਈ ਵਿੱਚ ਇੰਡੋ-ਗ੍ਰੀਕ ਕਾਲ ਦੇ ਕੁਝ ਸਿੱਕੇ ਵੀ ਮਿਲੇ ਹਨ। ਇਨ੍ਹਾਂ ਦੇ ਇਲਾਵਾ ਇਥੇ ਲੋਹਾ ਪਿਘਲਾਉਣ ਦੇ ਭਾਂਡੇ, ਚਾਕੂ ਅਤੇ ਖੁਰਪੀ ਵਰਗੇ ਔਜ਼ਾਰ ਵੀ ਮਿਲੇ ਹਨ। ਇਨ੍ਹਾਂ ਸਾਰਿਆਂ ਦੇ ਆਧਾਰ ‘ਤੇ ਹੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਇਸ ਥਾਂ ‘ਤੇ ਧਾਤਾਂ ਨਾਲ ਹਥਿਆਰ ਬਣਾਏ ਜਾਂਦੇ ਸਨ।
ਪਿਸ਼ਾਵਰ ‘ਚ ਪਹਿਲੀ ਵਾਰ ਇੰਡੋ-ਗ੍ਰੀਕ ਕਾਲ ਦੇ ਕਿਸੇ ਸਥਾਪਿਤ ਕਾਰਖਾਨੇ ਦੇ ਪਥਰਾਟ ਦੀ ਖੋਜ ਹੋਈ ਹੈ। ਪੁਰਾਤੱਤਵ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਕਾਰਖਾਨੇ ਨੂੰ ਤਿੰਨ ਹਿੱਸਿਆਂ ‘ਚ ਵੰਡਿਆ ਗਿਆ ਸੀ। ਇਸ ਦੇ ਇਕ ਹਿੱਸੇ ਵਿੱਚ ਭੱਠੀ ਸੀ। ਉੱਥੇ ਤੀਰ, ਧਨੁਸ਼, ਖੰਜਰ ਅਤੇ ਤਲਵਾਰਾਂ ਵੀ ਬਣਾਈਆਂ ਜਾਦੀਆਂ ਸਨ। ਪੁਰਾਤੱਤਵ ਸਰਵੇਖਕ ਮੁਹੰਮਦ ਨਈਮ ਨੇ ਦੱਸਿਆ ਕਿ ਬੁੱਧ ਕਾਲ ਵਿੱਚ ਇੱਟ ਦੀ ਵਰਤੋਂ ਹੁੰਦੀ ਸੀ ਜਦ ਕਿ ਇੰਡੋ-ਗ੍ਰੀਕ ਕਾਲ ਵਿੱਚ ਮਿੱਟੀ ਨਾਲ ਨਿਰਮਾਣ ਕੀਤੇ ਜਾਂਦੇ ਸਨ। ਇਸੇ ਕਾਰਨ ਉਨ੍ਹਾਂ ਦਾ ਸੰਰਖਿਅਣ ਕਠਿਨ ਸੀ।