ਹਿਲੇਰੀ ਕਲਿੰਟਨ ‘ਯੁੱਧ ਭੜਕਾਊ ਰਾਣੀ’ ਕਰਾਰ

0
2302

ਡੈਮੋਕ੍ਰੈਟਿਕ ਪਾਰਟੀ ਦੀ ਸੰਸਦ ਮੈਂਬਰ ਤੁਲਸੀ ਗਾਬਾਰਡ ਨੇ ਸ਼ੁੱਕਰਵਾਰ ਨੂੰ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੂੰ ‘ਯੁੱਧ ਭੜਕਾਉਣ ਵਾਲੀ ਰਾਣੀ’ ਕਰਾਰ ਦਿੱਤਾ। ਗਾਬਾਰਡ ਨੇ ਪਿਛਲੇ ਸਾਲ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰਾਂ ਦੀ ਦੌੜ ’ਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ ਸੀ ਅਤੇ ਹਿੰਦੂ ਹੋਣ ਕਾਰਨ ਉਹ ਭਾਰਤੀ ਲੋਕਾਂ ਦੀ ਮਨਪਸੰਦ ਉਮੀਦਵਾਰ ਹੈ।
ਹਿਲੇਰੀ ਕਲਿੰਟਨ ਨੇ ਸ਼ੁੱਕਰਵਾਰ ਨੂੰ ਇੱਕ ਮੁਲਕਾਤ ਦੌਰਾਨ ਤੁਲਸੀ ਗਾਬਾਰਡ ’ਤੇ ਦੋਸ਼ ਲਾਇਆ ਸੀ ਕਿ ਰੂਸ ਉਸਦੀ ਮਦਦ ਕਰ ਰਿਹਾ ਹੈ ਤਾਂ ਉਹ ਰਾਸ਼ਟਰਪਤੀ ਚੋਣਾਂ ਵਿੱਚ ਤੀਜੀ ਧਿਰ ਦੀ ਉਮੀਦਵਾਰ ਵਜੋਂ ਉਭਰ ਸਕੇ। ਸਾਬਕਾ ਵਿਦੇਸ਼ ਮੰਤਰੀ ਨੇ ਸਪੱਸ਼ਟ ਰੂਪ ’ਚ ਤੁਲਸੀ ਗਾਬਾਰਡ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਮੈਂ ਕੋਈ ਭਵਿੱਖਵਾਣੀ ਨਹੀਂ ਕਰ ਰਹੀ ਹਾਂ, ਪਰ ਮੈਨੂੰ ਲੱਗਦਾ ਹੈ ਕਿ ਉਨ੍ਹਾਂ (ਰੂਸ) ਦੀ ਨਜ਼ਰ ਅਜਿਹੇ ਵਿਅਕਤੀ ’ਤੇ ਹੈ ਜੋ ਫਿਲਹਾਲ ਡੈਮੋਕ੍ਰੈਟਿਕ ਉਮੀਦਵਾਰਾਂ ’ਚ ਵਿੱਚ ਮੁੱਢਲੀ ਦੌੜ ’ਚ ਹੈ ਅਤੇ ਰੂਸ ਉਸਦੀ ਮਦਦ ਕਰ ਰਿਹਾ ਹੈ।’’
ਹਿਲੇਰੀ ਨੇ ਮੁਲਾਕਾਤ ਦੌਰਾਨ ਭਾਵੇਂ ਗਾਬਾਰਡ ਦਾ ਨਾਂਅ ਨਹੀਂ ਲਿਆ ਸੀ ਪਰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸਾਬਕਾ ਸਹਿਯੋਗੀ ਡੇਵਿਡ ਪਲੁਫੇ ਨੇ ਕਿਹਾ ਕਿ ਹਿਲੇਰੀ ਦਾ ਮੰਨਣਾ ਹੈ ਕਿ ਤੁਲਸੀ ਗਾਬਾਰਡ ਤੀਜੀ ਧਿਰ ਦੀ ਉਮੀਦਵਾਰ ਬਣਨ ਜਾ ਰਹੀ ਹੈ ਜਿਸ ਨੂੰ ਰੂਸ ਅਤੇ ਟਰੰਪ ਲਿਆ ਰਹੇ ਹਨ। ਗਾਬਾਰਡ ਨੇ ਟਵੀਟ ਕੀਤਾ, ‘‘ਵਾਹ ਸ਼ੁਕਰੀਆ ਹਿਲੇਰੀ ਕਲਿੰਟਨ। ਤੁਸੀਂ ਯੁੱਧ ਭੜਕਾਉਣ ਵਾਲੀ ਰਾਣੀ ਤੇ ਭ੍ਰਿਸ਼ਟਾਚਾਰ ਦੀ ਮੂਰਤੀ ਦਾ ਰੂਪ ਹੋ ਜਿਸ ਨੇ ਡੈਮੋਕ੍ਰੈਟਿਕ ਪਾਰਟੀ ਨੂੰ ਬਿਮਾਰ ਕੀਤਾ ਹੋਇਆ ਹੈ।’’