ਸੰਜੇ ਤੇ ਦੁਰਗੇਸ਼ ਦੇ ਯੁੱਗ ਦਾ ਅੰਤ

0
3833

ਦਿੱਲੀ : ਐਮਸੀਡੀ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਮਗਰੋਂ ਅਸਤੀਫ਼ੇ ਦਾ ਦੌਰ ਸ਼ੁਰੂ ਹੋ ਗਿਆ ਹੈ। ਪਾਰਟੀ ਦੀ ਦਿੱਲੀ ਇਕਾਈ ਦੇ ਪ੍ਰੈਜ਼ੀਡੈਂਟ ਦਿਲੀਪ ਪਾਂਡੇ ਨੇ ਅਸਤੀਫ਼ਾ ਦਿੱਤਾ ਸੀ ਅਤੇ ਹੁਣ ਅਰਵਿੰਦ ਕੇਜਰੀਵਾਲ ਦੇ ਬੇਹੱਦ ਕਰੀਬੀ ਅਤੇ ਪੰਜਾਬ ਦੇ ਇੰਚਾਰਜ ਰਹੇ ਸੰਜੈ ਸਿੰਘ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕੋਲ ਪੰਜਾਬ ਚੋਣਾਂ ਦੀ ਜ਼ਿੰਮੇਵਾਰੀ ਸੀ। ਉਨ੍ਹਾਂ ਤੋਂ ਇਲਾਵਾ ਦਿੱਲੀ ਸੂਬੇ ਦੇ ਇੰਚਾਰਜ ਆਸ਼ੀਸ਼ ਤਲਵਾੜ ਨੇ ਵੀ ਐਮਸੀਡੀ ਚੋਣ ‘ਚ ਹੋਈ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫ਼ੇ ਦਿੱਤਾ। ਪੰਜਾਬ ‘ਚ ਪਾਰਟੀ ਦੇ ਸਹਿ ਇੰਚਾਰਜ ਦੁਰਗੇਸ਼ ਪਾਠਕ ਨੇ ਵੀ ਅਹੁਦਾ ਛੱਡ ਦਿੱਤਾ ਹੈ। ਦੁਰਗੇਸ਼ ਨੇ ਟਵੀਟ ਕਰਕੇ ਆਪਣੇ ਫ਼ੈਸਲੇ ਦੇ ਬਾਰੇ ਦੱਸਿਆ ਕਿ ਮੈਂ ‘ਆਪ’ ਦੇ ਪੰਜਾਬ ਇੰਚਾਰਜ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਦੇਸ਼ ਨੂੰ ਵਧੀਆ ਬਣਾਉਣ ਲਈ ਮੈਂ ਪਾਰਟੀ ਕਾਰਜਕਾਰੀ ਵਜੋਂ ਨਿਰੰਤਰ ਕੰਮ ਕਰਦਾ ਰਹਾਂਗਾ। ਐਮਸੀਡੀ ਚੋਣ ਦੇ ਨਤੀਜੇ ਆਉਣ ਦੇ ਤੁਰੰਤ ਮਗਰੋਂ ਚਾਂਦਨੀ ਚੌਕ ਤੋਂ ਵਿਧਾਇਕ ਅਲਕਾ ਲਾਂਬਾ ਨੇ ਵੀ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਦੇ ਵਿਧਾਨ ਸਭਾ ਖੇਤਰ ਦੇ ਤਿੰਨਾਂ ਵਾਰਡਾਂ ‘ਚ ਪਾਰਟੀ ਨੂੰ ਹਾਰ ਦਾ ਮੂੰਹ ਦੇਖਣਾ ਪਇਆ। ਇਸ ਤੋਂ ਪਹਿਲਾਂ ਦਿੱਲੀ ਇਕਾਈ ਦੇ ਸੰਯੋਜਕ ਦਲੀਪ ਪਾਂਡੇ ਨੇ ਕਰਾਰੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਪੰਜਾਬ ਦਾ ਇੰਚਾਰਜ ਸੰਜੈ ਸਿੰਘ ਹੋਵੇ ਜਾਂ ਫਿਰ ਦਿੱਲੀ ਇਕਾਈ ਦੇ ਪ੍ਰਧਾਨ ਦਲੀਪ ਪਾਂਡੇ ਜਾਂ ਫਿਰ ਦੁਰਗੇਸ਼ ਪਾਠਕ ਹੋਣ। ਇਨ੍ਹਾਂ ਸਾਰੇ ਸਿਆਸਤਦਾਨਾਂ ਨੂੰ ਅਰਵਿੰਦ ਕੇਜਰੀਵਾਲ ਦੇ ਕਰੀਬੀ ਲੋਕਾਂ ‘ਚ ਸ਼ਾਮਿਲ ਕੀਤਾ ਜਾਂਦਾ ਰਿਹਾ ਹੈ। ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ‘ਤੇ ਪੰਜਾਬ ‘ਚ ਟਿਕਟ ਵੇਚਣ ਅਤੇ ਕਾਰਜਕਾਰੀਆਂ ਨੂੰ ਨਜ਼ਰ ਅੰਦਾਜ਼ ਕਰਨ ਸਮੇਤ ਕਈ ਦੋਸ਼ ਲੱਗ ਰਹੇ ਹਨ ਪਰ ਅਰਵਿੰਦ ਕੇਜਰੀਵਾਲ ਦਾ ਇਨ੍ਹਾਂ ਸਾਰੇ ਸਿਆਸਤਦਾਨਾਂ ‘ਤੇ ਭਰੋਸਾ ਸੀ। ਹਾਰ ਮਗਰੋਂ ਇਨ੍ਹਾਂ ਅਸਤੀਫ਼ਿਆਂ ਤੋਂ ਸਾਫ਼ ਹੈ ਕਿ ਪਾਰਟੀ ‘ਚ ਟਕਰਾਅ ਨੂੰ ਟਾਲਣ ਤੇ ਅਸੰਤੋਸ਼ ਨਾਲ ਨਜਿੱਠਣ ਲਈ ਇਹ ਕਵਾਇਦ ਸ਼ੁਰੂ ਹੋਈ ਹੈ।