ਸ੍ਰੀ ਅਕਾਲ ਤਖਤ ਨੇ ਕਾਮਾਗਾਟਾਮਾਰੂ ਜਹਾਜ਼ ਦੇ ਸਿੱਖਾਂ ਨੂੰ ਦਿੱਤਾ 103 ਸਾਲਾਂ ਬਾਅਦ ‘ਸ਼ਹੀਦ’ ਕਰਾਰ

0
4825

ਅੰਮ੍ਰਿਤਸਰ : ਦੇਸ਼ ਦੀ ਆਜ਼ਾਦੀ ਲਈ ਕਾਮਾਗਾਟਾਮਾਰੂ ਜਹਾਜ਼ ਰਾਹੀਂ ਕੈਨੇਡਾ ਦੀ ਧਰਤੀ ‘ਤੇ ਪੁੱਜੇ ਗਦਰੀ ਬਾਬਿਆਂ ਤੇ ਹੋਰ ਭਾਰਤੀਆਂ ਨੂੰ ਕੈਨੇਡਾ ਸਰਕਾਰ ਨੇ ਜਦੋਂ ਬੰਦਰਗਾਹ ‘ਤੇ ਉਤਰਨ ਨਾ ਦਿੱਤਾ ਤਾਂ ਉਨ੍ਹਾਂ ਨੇ ਕਾਮਾਗਾਟਾਮਾਰੂ ਜਹਾਜ਼ ਰਾਹੀਂ ਭਾਰਤ ਦੀ ਧਰਤੀ ਵੱਲ ਚਾਲੇ ਪਾ ਦਿੱਤੇ ਅਤੇ ਜਿਉਂ ਹੀ ਇਹ ਜਹਾਜ਼ ਕੋਲਕਾਤਾ (ਕਲਕੱਤਾ) ਦੇ ਬਜਬਜਘਾਟ ਵਿਖੇ ਪੁੱਜਾ ਤਾਂ ਅੰਗਰੇਜ਼ ਸੈਨਾ ਨੇ ਗਦਰੀ ਬਾਬਿਆਂ ਤੇ ਜਹਾਜ਼ ‘ਚ ਸਵਾਰ ਹੋਰ ਲੋਕਾਂ ‘ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ, ਜਿਸ ਵਿਚ 18 ਸਿੱਖ ਵੀ ਮਾਰੇ ਗਏ, ਜਿਨ੍ਹਾਂ ਦੀ ਯਾਦ ਵਿਚ ਕੋਲਕਾਤਾ ਵਿਖੇ ਇਕ ਗੁਰਦੁਆਰਾ ਵੀ ਬਣਿਆ ਹੋਇਆ ਹੈ। 6 ਅਕਤੂਬਰ 1914 ਨੂੰ ਇਨ੍ਹਾਂ ਮਰਨ ਵਾਲੇ ਸਿੱਖਾਂ ਨੂੰ ਤੱਤਕਾਲੀ ਜਥੇਦਾਰ ਅਕਾਲ ਤਖਤ ਗਿਆਨੀ ਅਰੂੜ ਸਿੰਘ ਨੇ ਅਸਿੱਖ ਕਰਾਰ ਦੇ ਕੇ ਸਿੱਖ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਸੀ ਕਿ ਬ੍ਰਿਟਿਸ਼ ਸ਼ਾਸਨ ਖਿਲਾਫ ਕਾਰਵਾਈ ਕਰਨ ਵਾਲੇ ਇਹ ਸਿੱਖ ਨਹੀਂ ਹਨ। ਕਰੀਬ 103 ਸਾਲਾਂ ਬਾਅਦ ਬਜਬਜਘਾਟ ਦੇ ਇਨ੍ਹਾਂ ਸ਼ਹੀਦਾਂ ਨੂੰ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਵਿਚਾਰ ਚਰਚਾ ਕਰਨ ਉਪਰੰਤ ਅਕਾਲ ਤਖਤ ਸਾਹਿਬ ਤੋਂ ਆਜ਼ਾਦੀ ਪ੍ਰਵਾਨਿਆਂ ਨੂੰ ‘ਸ਼ਹੀਦ’ ਕਰਾਰ ਦੇ ਕੇ ਸਿੱਖ ਇਤਿਹਾਸ ਵਿਚ ਸ਼ਹੀਦਾਂ ਦੀ ਕਤਾਰ ਨੂੰ ਹੋਰ ਲੰਮੇਰਾ ਕਰ ਦਿੱਤਾ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ 8 ਨਵੰਬਰ 2016 ਨੂੰ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਨੇ ਅਕਾਲ ਤਖਤ ਸਾਹਿਬ ਵਿਖੇ ਇਕ ਪੱਤਰ ਦਿੱਤਾ ਸੀ, ਜਿਸ ਵਿਚ ਬਜਬਜਘਾਟ ਦੇ ਸ਼ਹੀਦਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ ਕਿ ਸਿੱਖ ਕੌਮ ਦੀ ਆਨ ਤੇ ਸ਼ਾਨ ਗਦਰੀ ਬਾਬਿਆਂ ਦੇ ਸਾਥੀਆਂ ਦੀ ਹੋਈ ਸ਼ਹਾਦਤ ਹੀ ਦੇਸ਼ ਦੀ ਆਜ਼ਾਦੀ ਦਾ ਮੁੱਢ ਬੰਨ੍ਹ ਸਕੀ ਸੀ ਪਰ ਅੱਜ ਤੱਕ ਇਨ੍ਹਾਂ ਸ਼ਹੀਦਾਂ ਨੂੰ ‘ਸ਼ਹੀਦ’ ਦਾ ਰੁਤਬਾ ਨਹੀਂ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜ ਸਿੰਘ ਸਾਹਿਬਾਨ ਨੇ ਵਿਚਾਰ ਕਰਨ ਉਪਰੰਤ ਬਜਬਜਘਾਟ ਦੇ 18 ਸਿੱਖ ਸ਼ਹੀਦਾਂ ਨੂੰ ਸਿੱਖ ਕੌਮ ਦੇ ਸ਼ਹੀਦ ਪ੍ਰਵਾਨ ਕਰ ਲਿਆ ਹੈ ਅਤੇ ਕੈਨੇਡਾ ਸਰਕਾਰ ਆਪਣੀ ਗਲਤੀ ਦੀ ਪਹਿਲਾਂ ਹੀ ਮੁਆਫੀ ਮੰਗ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਹਰੇਕ ਕੌਮ ਤੇ ਦੇਸ਼ ਦਾ ਸਰਮਾਇਆ ਹੁੰਦੇ ਹਨ ਤੇ ਜਿਹੜੇ ਲੋਕ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੇ ਹਨ, ਉਨ੍ਹਾਂ ‘ਚੋਂ ਕੁਰਬਾਨੀ ਦੀ ਭਾਵਨਾ ਖਤਮ ਹੋ ਜਾਂਦੀ ਹੈ। 1914 ਵਿਚ ਕੋਲਕਾਤਾ ਦੇ ਬਜਬਜਘਾਟ ‘ਤੇ ਕਾਮਾਗਾਟਾਮਾਰੂ ਜਹਾਜ ‘ਤੇ ਸਵਾਰ ਹਿੰਦੂ-ਸਿੱਖ ਅਤੇ ਮੁਸਲਮਾਨ ਭਾਰਤੀਆਂ ਨੂੰ ਬਰਤਾਨਵੀ ਹਕੂਮਤ ਨੇ ਉਤਰਨ ਤੋਂ ਪਹਿਲਾਂ ਗੋਲੀਆਂ ਨਾਲ ਭੁੰਨ ਦਿੱਤਾ ਸੀ। ਉਨ੍ਹਾਂ ਵਿਚ ਸ਼ਾਮਲ ਸਿੱਖਾਂ ਨੂੰ 103 ਸਾਲ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ਹੀਦ ਦਾ ਦਰਜਾ ਮਿਲ ਗਿਆ ਹੈ। ਸ੍ਰੀ ਅਕਾਲ ਤਖਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਪੰਜ ਸਿੰਘ ਸਾਹਿਬਾਨ ਦੀ ਬੈਠਕ ਦੀ ਅਗਵਾਈ ਕਰਦੇ ਹੋਏ ਇਹ ਇਤਿਹਾਸਕ ਫੈਸਲਾ ਸੁਣਾਇਆ ਹੈ। ਸਿੰਘ ਸਾਹਿਬ ਨੇ ਕਿਹਾ ਕਿ ਇਹ ਗੁਰੂ ਦੇ ਸਿੱਖ ਸਨ ਅਤੇ ਉਨ੍ਹਾਂ ਨੇ ਦੇਸ਼ ਅਤੇ ਕੌਮ ਦੇ ਲਈ ਸ਼ਹਾਦਤ ਲਈ ਪਰ ਉਸ ਦੌਰਾਨ ਉਨ੍ਹਾਂ ਨੂੰ ਕਿਸੇ ਕਾਰਨਾਂ ਤੋਂ ਸ਼ਹੀਦ ਨਹੀਂ ਪਾਇਆ ਗਿਆ ਸੀ ਪਰ ਪਿਛਲੇ ਕਈ ਸਾਲਾਂ ਤੋਂ ਇਸ ਮੁੱਦੇ ‘ਤੇ ਛਿੜੀ ਬਹਿਸ ਅਤੇ ਦੇਸ਼-ਵਿਦੇਸ਼ ‘ਚ ਵਸੇ ਸਿੱਖਾਂ ਦੀ ਮੰਗ ਦੇ ਮੰਦੇਨਜ਼ਰ ਇਹ ਫੈਸਲਾ ਲਿਆ ਗਿਆ ਹੈ। ਜਾਣਕਾਰੀ ਦੇ ਲਈ ਦੱਸਿਆ ਕਿ ਤਤਕਾਲੀਨ ਜਥੇਦਾਰ ਆਰੂੜ ਸਿੰਘ ਨੇ ਬਰਤਾਨਵੀ ਹਕੂਮਤ ਦੇ ਦਬਾਅ ‘ਚ ਲਿਖ ਕੇ ਦਿੱਤਾ ਸੀ ਕਿ ਮਾਰੇ ਗਏ ਸਿੱਖ ਨਹੀਂ ਸਨ। ਇਸ ਘਟਨਾ ‘ਚ 376 ਲੋਕ ਸ਼ਾਮਲ ਸੀ, ਜਿਨ੍ਹਾਂ ‘ਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸਨ। ਇਤਿਹਾਸਕ ਜਾਣਕਾਰੀ ਮੁਤਾਬਿਕ ਕਾਮਾਗਾਟਾਮਾਰੂ ਭਾਪ ਸਮੁੰਦਰੀ ਜਹਾਜ ਸੀ ਜਿਸ ਨੂੰ ਹਾਂਗਕਾਂਗ ‘ਚ ਰਹਿਣ ਵਾਲੇ ਬਾਬਾ ਗੁਰਦਿੱਤ ਸਿੰਘ ਨੇ ਖਰੀਦਿਆ ਸੀ। ਜਹਾਜ ‘ਚ ਪੰਜਾਬ ਦੇ 376 ਲੋਕਾਂ ਨੂੰ ਬੈਠਾ ਕੇ ਬਾਬਾ 4 ਮਾਰਚ 1914 ਨੂੰ ਵੈਨਕੂਵਰ (ਬ੍ਰਿਟਿਸ਼ ਕੋਲੰਬੀਆ, ਕੈਨੇਡਾ) ਦੇ ਲਈ ਰਵਾਨਾ ਹੋਏ। 23 ਮਾਰਚ ਨੂੰ ਉਥੇ ਪਹੁੰਚੇ ਪਰ ਅੰਗਰੇਜ਼ਾਂ ਨੇ ਸਿਰਫ 24 ਨੂੰ ਉਤਾਰਿਆ ਅਤੇ ਬਾਕੀ ਨੂੰ ਜਬਰਦਸਤੀ ਵਾਪਸ ਭੇਜ ਦਿੱਤਾ। ਜਹਾਜ ਕਲਕੱਤਾ ਦੇ ਬਜਬਜਘਾਟ ‘ਤੇ ਪਹੁੰਚਿਆ ਤਾਂ 27 ਸਤੰਬਰ 1914 ਨੂੰ ਅੰਗਰੇਜ਼ਾਂ ਨੇ ਫਾਈਰਿੰਗ ਕਰ ਦਿੱਤੀ। ਇਸ ‘ਚ 19 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ। ਇਸ ਘਟਨਾ ਨੇ ਆਜ਼ਾਦੀ ਦੀ ਲਹਿਰ ਨੂੰ ਹੋਰ ਤੇਜ ਕਰ ਦਿੱਤਾ ਸੀ। ਇਹ ਘਟਨਾ ਉਨ੍ਹਾਂ ਅਨੇਕਾਂ ਘਟਨਾਵਾਂ ਵਿਚੋਂ ਇਕ ਸੀ ਜਿਸ ਵਿਚ 20ਵੀਂ ਸ਼ਤਾਬਦੀ ਦੇ ਸ਼ੁਰੂਆਤੀ ਦਿਨਾਂ ‘ਚ ਏਸ਼ੀਆ ਦੇ ਪਰਵਾਸੀਆਂ ਨੂੰ ਕੈਨੇਡਾ ਅਤੇ ਯੂਐਸ ‘ਚ ਪ੍ਰਵੇਸ਼ ਦੀ ਪ੍ਰਵਾਨਗੀ ਨਹੀਂ ਸੀ। ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਅਤੇ ਵਿਦੇਸ਼ਾਂ ‘ਚ ਵਸੇ ਸਿੱਖਾਂ ਦੇ ਦਬਾਅ ਅਤੇ ਮੰਗ ਪਰ ਘਟਨਾ ਦੇ 100 ਸਾਲ ਪੂਰੇ ਹੋਣ ‘ਤੇ ਉਥੋਂ ਦੀ ਸਰਕਾਰ ਨੇ ਮਾਫੀ ਮੰਗੀ ਸੀ ਅਤੇ ਭਾਰਤ ਸਰਕਾਰ ਨੇ ਇਨ੍ਹਾਂ ਸ਼ਹੀਦਾਂ ਦੇ ਨਾਮ ‘ਤੇ 100 ਰੁਪਏ ਦਾ ਸਿੱਕਾ ਜਾਰੀ ਕਰਕੇ ਉਨ੍ਹਾਂ ਪ੍ਰਤੀ ਸਮਮਾਨ ਵਿਅਕਤ ਕੀਤਾ ਸੀ। ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਸ਼ਹੀਦ ਸਿੱਖਾਂ ਦੀ ਲੜਾਈ ਲੰਬੇ ਸਮੇਂ ਤੋਂ ਲੜ ਰਹੇ ਹਨ ਅਤੇ ਤਿੰਨ ਮਹੀਨੇ ਪਹਿਲੇ ਉਨ੍ਹਾਂ ਅਕਾਲ ਤਖਤ ‘ਤੇ ਰਾਬਤਾ ਕਾਇਮ ਕਰਦੇ ਹੋਏ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਕੀਤੀ ਸੀ, ਜਿਸ ਨੂੰ ਤਖਤ ਨੇ ਪ੍ਰਵਾਨ ਕਰ ਲਿਆ ਹੈ। ਕਾਮਾਗਾਟਾ ਮਾਰੂ ਜਹਾਜ਼ ਵਿੱਚ ਮਾਰੇ ਯਾਤਰੂਆਂ ਨੂੰ ਸਿੱਖ ਸ਼ਹੀਦਾਂ ਦਾ ਦਰਜਾ ਦਿਵਾਉਣ ਮਗਰੋਂ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਵੱਲੋਂ ਹੁਣ ਭਾਈ ਮੇਵਾ ਸਿੰਘ ਲੋਪੋਕੇ ਦਾ ਨਾਂ ਕੈਨੇਡਾ ਦੇ ਅਪਰਾਧੀਆਂ ਦੀ ਸੂਚੀ ਵਿੱਚੋਂ ਰੱਦ ਕਰਾਉਣ ਲਈ ਯਤਨ ਅਰੰਭੇ ਜਾਣਗੇ। ਇਹ ਖ਼ੁਲਾਸਾ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਨੇ ਕੀਤਾ। ਉਨ੍ਹਾਂ ਨੇ ਕਾਮਾਗਾਟਾ ਮਾਰੂ ਜਹਾਜ਼ ਦੇ ਮਾਰੇ ਯਾਤਰੂਆਂ ਨੂੰ ਸਿੱਖ ਸ਼ਹੀਦਾਂ ਦਾ ਦਰਜਾ ਦਿੱਤੇ ਜਾਣ ‘ਤੇ ਅਕਾਲ ਤਖ਼ਤ ‘ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਧੰਨਵਾਦ ਕੀਤਾ ਹੈ। ਲਗਪਗ 103 ਸਾਲ ਬਾਅਦ ਇਸ ਸਬੰਧੀ ਰਸਮੀ ਤੌਰ ‘ਤੇ ਹੋਏ ਫ਼ੈਸਲੇ ਵਿੱਚ ਸ਼ਾਮਲ ਹੋਣ ਲਈ ਕੈਨੇਡਾ ਤੋਂ ਪੁੱਜੇ ਸ੍ਰੀ ਥਿੰਦ ਨੇ ਦੱਸਿਆ ਕਿ ਉਨ੍ਹਾਂ 8 ਨਵੰਬਰ 2016 ਨੂੰ ਇਸ ਸਬੰਧੀ ਇਕ ਮੰਗ ਪੱਤਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੌਂਪਿਆ ਸੀ, ਜਿਸ ਵਿੱਚ ਕਾਮਾਗਾਟਾ ਮਾਰੂ ਜਹਾਜ਼ ਦੇ ਮਾਰ ਦਿੱਤੇ ਗਏ ਮੁਸਾਫਰਾਂ ਅਤੇ ਉਸ ਵੇਲੇ ਦੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਅਰੂੜ ਸਿੰਘ ਵੱਲੋਂ ‘ਅਸਿੱਖ’ ਕਰਾਰ ਦਿੱਤਾ ਗਿਆ ਸੀ, ਵਿੱਚ ਸੋਧ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਇਲਾਵਾ ਭਾਈ ਮੇਵਾ ਸਿੰਘ ਲੋਪੋਕੇ ਜਿਸ ਨੂੰ 11 ਜਨਵਰੀ 1915 ਨੂੰ ਵੈਨਕੂਵਰ ਵਿੱਚ ਫਾਂਸੀ ਦੇ ਦਿੱਤੀ ਗਈ ਸੀ, ਦਾ ਨਾਂ ਕੈਨੇਡਾ ਦੇ ਅਪਰਾਧੀਆਂ ਦੀ ਸੂਚੀ ਵਿੱਚੋਂ ਕਢਾਉਣ ਦੀ ਅਪੀਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੈਨੇਡਾ ਸਰਕਾਰ ਨਾਲ ਵੀ ਗੱਲਬਾਤ ਦਾ ਸਿਲਸਿਲਾ ਜਾਰੀ ਹੈ। ਭਾਈ ਲੋਪੋਕੇ ਬਾਰੇ ਖ਼ੁਲਾਸਾ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਕੈਨੇਡਾ ਵਿੱਚ ਵੱਸਦੇ ਸਿੱਖ ਅਤੇ ਪੰਜਾਬੀ ਭਾਈਚਾਰੇ ਦੇ ਹਿੱਤਾਂ ਲਈ ਸੰਘਰਸ਼ ਕਰ ਰਹੇ ਸਨ। ਉਸ ਵੇਲੇ ਇੱਕ ਸਰਕਾਰੀ ਨੁਮਾਇੰਦਾ ਜੋ ਭਾਰਤੀ ਭਾਈਚਾਰੇ ਵਿੱਚ ਪਾੜ ਪਾ ਰਿਹਾ ਸੀ, ਦਾ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਆਖਿਆ ਕਿ ਇਹ ਕਤਲ ਇਨਸਾਫ਼ ਦੀ ਰਾਖੀ ਲਈ ਕੀਤਾ ਗਿਆ ਸੀ। ਭਾਵੇਂ ਕੈਨੇਡਾ ਸਰਕਾਰ ਦੀਆਂ ਨਜ਼ਰਾਂ ਵਿੱਚ ਇਹ ਅਪਰਾਧ ਹੈ ਪਰ ਪੰਜਾਬੀ ਭਾਈਚਾਰੇ ਲਈ ਭਾਈ ਮੇਵਾ ਸਿੰਘ ਲੋਪੋਕੇ ਇਕ ਸ਼ਹੀਦ ਹਨ। ਉਨ੍ਹਾਂ ਆਖਿਆ ਕਿ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਵਿੱਚ ਮਾਰੇ ਗਏ ਵਿਅਕਤੀਆਂ ਨੂੰ ਉਸ ਵੇਲੇ ਦੇ ਅਕਾਲ ਤਖ਼ਤ ਦੇ ਜਥੇਦਾਰ ਅਰੂੜ ਸਿੰਘ ਨੇ ‘ਅਸਿੱਖ’ ਕਰਾਰ ਦੇ ਦਿੱਤਾ ਸੀ। ਹੁਣ ਜਦੋਂ ਇਸ ਘਟਨਾ ਬਾਰੇ 102 ਸਾਲਾਂ ਬਾਅਦ ਕੈਨੇਡਾ ਸਰਕਾਰ ਨੇ ਮੁਆਫ਼ੀ ਮੰਗ ਲਈ ਹੈ ਤਾਂ ਸ੍ਰੀ ਅਕਾਲ ਤਖ਼ਤ ਵਲੋਂ ਵੀ ਇਸ ਫੈਸਲੇ ਵਿਚ ਸੋਧ ਹੋਣੀ ਜ਼ਰੂਰੀ ਸੀ। ਭਾਵੇਂ ਕਿ ਇਸ ਫੈਸਲੇ ਨੂੰ ਉਸ ਵੇਲੇ ਹੀ ਅਗਲੇ ਜਥੇਦਾਰ ਵਲੋਂ ਵਾਪਸ ਲੈ ਲਿਆ ਗਿਆ ਸੀ ਪਰ ਇਸ ਸਬੰਧੀ ਲਿਖਤੀ ਦਸਤਾਵੇਜ਼ ਨਹੀਂ ਸਨ।