ਸੁਨੀਲ ਜਾਖੜ ਪੰਜਾਬ ਦੇ ਪ੍ਰਧਾਨ ਨਿਯੁਕਤ ਕੈਪਟਨ ਨੇ ਲਵਾਈ ਜਾਖੜ ਦੇ ਨਾਮ ‘ਤੇ ਮਹੋਰ

    0
    4849

    ਚੰਡੀਗੜ੍ਹ : ਕਾਂਗਰਸ ਹਾਈਕਮਾਂਡ ਨੇ ਸੀਨੀਅਰ ਅਤੇ ਸੁਲਝੇ ਹੋਏ ਆਗੂ ਸੁਨੀਲ ਜਾਖੜ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਥਾਪਿਆ ਹੈ। ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਥਾਂ ‘ਤੇ ਪ੍ਰਧਾਨ ਬਣਾਇਆ ਹੈ। ਕਾਂਗਰਸ ਹਾਈ ਕਮਾਂਡ ਨੇ ਇਸ ਨਿਯੁਕਤੀ ਨਾਲ ਸੂਬੇ ਵਿੱਚ ਸਮਾਜਿਕ ਸੰਤੁਲਨ ਕਾਇਮ ਕਰਨ ਦਾ ਯਤਨ ਕੀਤਾ ਹੈ। ਕੈਪਟਨ ਨੇ ਜਨਤਕ ਤੌਰ ‘ਤੇ ਵੀ ਉਨ੍ਹਾਂ ਦੀ ਹਮਾਇਤ ਕੀਤੀ ਸੀ ਅਤੇ ਪਿਛਲੇ ਦਿਨੀਂ ਜਦੋਂ ਉਹ ਪਾਰਟੀ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਨੂੰ ਨਵੀਂ ਦਿੱਲੀ ਵਿੱਚ ਮਿਲੇ ਸਨ ਤਾਂ ਉਸ ਵੇਲੇ ਵੀ ਉਨ੍ਹਾਂ ਸ੍ਰੀ ਜਾਖੜ ਨੂੰ ਪ੍ਰਧਾਨ ਬਣਾਉਣ ਦੀ ਸਿਫਾਰਸ਼ ਕੀਤੀ ਸੀ। ਉਨ੍ਹਾਂ ਪ੍ਰਧਾਨਗੀ ਦਾ ਅਹੁਦਾ ਛੱਡਣ ਦੀ ਖ਼ਾਹਿਸ਼ ਜ਼ਾਹਿਰ ਕਰਕੇ ਇਹ ਜ਼ਿੰਮੇਵਾਰੀ ਕਿਸੇ ਹੋਰ ਆਗੂ ਨੂੰ ਸੌਂਪ ਦੇਣ ਲਈ ਕਿਹਾ ਸੀ। ਸ੍ਰੀ ਜਾਖੜ ਸੂਬੇ ਦੇ ਟਕਸਾਲੀ ਕਾਂਗਰਸ ਪਰਿਵਾਰ ਨਾਲ ਸਬੰਧ ਰੱਖਦੇ ਹਨ ਤੇ ਉਨ੍ਹਾਂ ਦੇ ਮਰਹੂਮ ਪਿਤਾ ਬਲਰਾਮ ਜਾਖੜ ਕਾਂਗਰਸ ਸਰਕਾਰਾਂ ਵਿੱਚ ਉਚ ਅਹੁਦਿਆਂ ‘ਤੇ ਰਹੇ ਸਨ। ਪਹਿਲਾਂ ਉਨ੍ਹਾਂ ਦੇ ਭਤੀਜੇ ਅਜੇਵੀਰ ਜਾਖੜ ਨੂੰ ਪੰਜਾਬ ਫਾਰਮਰਜ਼ ਕਮਿਸ਼ਨ ਦਾ ਚੇਅਰਮੈਨ ਲਾਇਆ ਸੀ। ਸ੍ਰੀ ਜਾਖੜ ਇਸ ਵਾਰ ਅਬੋਹਰ ਤੋਂ ਵਿਧਾਨ ਸਭਾ ਦੀ ਚੋਣ ਹਾਰ ਗਏ ਸਨ। ਜੇਕਰ ਉਹ ਚੋਣ ਜਿੱਤ ਜਾਂਦੇ ਤਾਂ ਉਨ੍ਹਾਂ ਨੇ ਕੈਪਟਨ ਵਜ਼ਾਰਤ ਦੇ ਸੀਨੀਅਰ ਮੰਤਰੀਆਂ ਵਿੱਚ ਸ਼ੁਮਾਰ ਹੋਣਾ ਸੀ। ਪਿਛਲੀ ਪੰਜਾਬ ਵਿਧਾਨ ਸਭਾ ਵਿੱਚ ਉਹ ਕਾਂਗਰਸ ਵਿਧਾਇਕ ਦਲ ਅਤੇ ਵਿਰੋਧੀ ਧਿਰ ਦੇ ਨੇਤਾ ਵੀ ਰਹੇ ਸਨ। ਭਾਵੇਂ ਕਿ ਪ੍ਰਧਾਨਗੀ ਦੀ ਦੌੜ ਵਿੱਚ ਸੂਬੇ ਦੇ ਕੁਝ ਹੋਰ ਆਗੂ ਵੀ ਸ਼ਾਮਲ ਸਨ ਪਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਮੀਤ ਪ੍ਰਧਾਨ ਲਾਲ ਸਿੰਘ ਨੂੰ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਬਣਾਏ ਜਾਣ ਨਾਲ ਉਨ੍ਹਾਂ ਦਾ ਰਾਹ ਪੱਧਰਾ ਹੋ ਗਿਆ ਸੀ। ਕਾਂਗਰਸ ਹਾਈਕਮਾਂਡ ਨੇ ਜਾਖੜ ਨੂੰ ਪ੍ਰਧਾਨ ਬਣਾ ਕੇ ਹਿੰਦੂ ਪੱਤਾ ਖੇਡਿਆ ਹੈ। ਬੀਤੇ ਦੋ ਦਹਾਕਿਆਂ ‘ਚ ਮਹਿੰਦਰ ਸਿੰਘ ਕੇ.ਪੀ. ਪਿਛੇ ਕਿਸੇ ਹਿੰਦੂ ਨੂੰ ਸੂਬਾ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ। 2009 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਕੇ.ਪੀ. ਨੂੰ ਸੂਬਾ ਪ੍ਰਧਾਨ ਬਣਾਇਆ ਸੀ। ਅਜਿਹਾ ਕਰਕੇ ਪਾਰਟੀ ਨੇ ਸਿੱਖ ਦਲਿਤ ਦੀ ਜੁਗਲਬੰਦੀ ਤੋੜੀ ਹੈ।