ਸਰੀ-ਵੈਨਕੂਵਰ ਵਿਚ ਸਿਖਲਾਈ-ਪ੍ਰਾਪਤ ਇੰਟਰਪ੍ਰੈਟਰਾਂ ਦੀ ਹਰ ਖੇਤਰ ‘ਚ ਲੋੜ ਵਧੀ

0
4244

ਸਰੀ-ਵੈਨਕੂਵਰ ਵਿਚ ਸਿਖਲਾਈ-ਪ੍ਰਾਪਤ ਇੰਟਰਪ੍ਰੈਟਰਾਂ ਦੀ ਹਰ ਖੇਤਰ ‘ਚ ਲੋੜ ਵਧੀ
“ਜੇ ਤੁਸੀਂ ਵੇਖਦੇ ਹੋ ਕਿ ਕੋਈ ਵਿਅਕਤੀ ਅੰਗਰੇਜ਼ੀ ਚੰਗੀ ਤਰਾਂ ਨਹੀਂ ਬੋਲ ਰਿਹਾ ਤਾਂ ਉਸਦਾ ਮਜ਼ਾਕ ਨਾ ਉਡਾਓ। ਇਸਦਾ ਮਤਲਬ ਹੈ ਕਿ ਉਸਨੂੰ ਸ਼ਾਇਦ ਕੋਈ ਹੋਰ ਬੋਲੀ ਆਉਂਦੀ ਹੈ।” ਇੱਕ ਸਥਾਨਕ ਮੈਡੀਕਲ ਕਲਿਨਿਕ ਦੀ ਰੀਸੈਪਸ਼ਨ ਤੇ ਲਿਖਿਆ ਹੋਇਆ ਇਹ ਵਾਕ ਇਹ ਯਾਦ ਦਿਵਾਉਂਦਾ ਹੈ ਕਿ ਕੈਨੇਡਾ ਵਿੱਚ ਅੰਗਰੇਜ਼ੀ ਤੋਂ ਸਿਵਾ ਹੋਰ ਭਾਸ਼ਾਵਾਂ ਜਾਣਨ ਵਾਲਿਆਂ ਦੀ ਕਿੰਨੀ ਕਦਰ ਹੈ।
ਉੱਕਤ ਵਾਕ ਮਹਿਜ਼ ਕੋਈ ਰਸਮੀ ਕਾਰਵਾਈ ਨਹੀਂ ਹੈ। ਕਲਿਨਿਕ ਵਿੱਚ ਆਉਣ ਵਾਲੇ ਮਰੀਜ਼ਾਂ ਲਈ, ਜਿਹੜੇ ਅੰਗਰੇਜ਼ੀ ਘੱਟ ਜਾਣਦੇ ਹਨ ਜਾਂ ਨਹੀਂ ਜਾਣਦੇ, ਉਹਨਾਂ ਦੀ ਬੋਲੀ ਬੋਲਣ ਵਾਲਾ ਕੋਈ ਸਿਖਲਾਈ ਪ੍ਰਾਪਤ ਇੰਟਰਪ੍ਰੈਟਰ ਮੌਜੂਦ ਹੁੰਦਾ ਹੈ।ਇਹ ਸਹੂਲਤ ਹੋਰ ਡਾਕਟਰੀ ਸੇਵਾਵਾਂ ਦੀ ਤਰਾਂ ਮੁਫਤ ਪ੍ਰਦਾਨ ਕੀਤੀ ਜਾਂਦੀ ਹੈ।
ਇਸ ਦਾ ਇੱਕ ਕਾਰਨ ਕੈਨੇਡਾ ਦਾ ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਸਮਾਜਿਕ ਤਾਣਾ ਬਾਣਾ ਹੈ ਜਿਸ ‘ਤੇ ਹਰ ਕੋਈ ਮਾਣ ਕਰਦਾ ਹੈ। ਕੈਨੇਡਾ ਵਿੱਚ ਤਕਰੀਬਨ ੨੩ ਫੀ ਸਦੀ ਲੋਕਾਂ ਦੀ ਮਾਂ ਬੋਲੀ ਅੰਗਰੇਜ਼ੀ ਜਾਂ ਫਰਾਂਸੀਸੀ ਨਾ ਹੋ ਕੇ ਹੋਰ ਕੋਈ ਹੈ। ਦੂਜਾ ਵੱਡਾ ਕਾਰਨ ਇਹ ਹੈ ਉਹਨਾਂ ਲੋਕਾਂ ਨੂੰ ਉਹਨਾਂ ਦੀ ਮਾਂ ਬੋਲੀ ਵਿੱਚ ਸਰਕਾਰੀ ਸੇਵਾਵਾਂ ਦੇਣ ਨੂੰ ਕਾਨੂੰਨੀ ਦਰਜਾ ਪ੍ਰਾਪਤ ਹੈ। ਕੈਨੇਡਾ ਦੇ ਸ਼ਹਿਰੀ ਹੱਕਾਂ ਅਤੇ ਆਜ਼ਾਦੀਆਂ ਬਾਰੇ ਚਾਰਟਰ ਵਿੱਚ ਇਹ ਦਰਜ ਹੈ ਕਿ ਜੇਕਰ ਅਦਾਲਤੀ ਕਾਰਵਾਈ ਦੌਰਾਨ ਕਿਸੇ ਧਿਰ ਜਾਂ ਗਵਾਹ ਨੂੰ ਅਦਾਲਤੀ ਭਾਸ਼ਾ ਸਮਝ ਨਹੀਂ ਆਉਂਦੀ ਜਾਂ ਉਹ ਉਸਨੂੰ ਬੋਲ ਨਹੀਂ ਸਕਦਾ ਤਾਂ ਉਸਨੂੰ ਇੰਟਰਪ੍ਰੈਟਰ ਦੀ ਮੱਦਦ ਲੈਣ ਦਾ ਹੱਕ ਹੈ। ਇਹ ਸਹੂਲਤ ਸਿਰਫ ਅਦਾਲਤਾਂ ਵਿੱਚ ਹੀ ਲਾਗੂ ਨਹੀਂ ਹੁੰਦੀ ਸਗੋਂ ਸਰਕਾਰੀ ਹਸਪਤਾਲਾਂ, ਇਮੀਗਰੇਸ਼ਨ ਅਤੇ ਰਫਿਊਜੀ ਬੋਰਡ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਵੀ ਦਿੱਤੀ ਜਾਂਦੀ ਹੈ।
ਇਸਦੇ ਫਲਸਰੂਪ, ਕੈਨੇਡਾ, ਖਾਸ ਤੌਰ ਤੇ ਲੋਅਰ ਮੇਨਲੈਂਡ ਵਿੱਚ ਇੰਟਰਪ੍ਰੈਟਰਾਂ ਜਾਂ ਦੁਭਾਸ਼ੀਆਂ ਦੀ ਮੰਗ ਦਿਨੋ ਦਿਨ ਵੱਧਦੀ ਜਾ ਰਹੀ ਹੈ, ਅਤੇ ਵੱਡੀ ਗਿਣਤੀ ਵਿੱਚ ਲੋਕ ਇਸ ਕਿੱਤੇ ਨੂੰ ਅਪਣਾ ਰਹੇ ਹਨ। ਅਸਲ ਵਿੱਚ ਇੰਟਰਪ੍ਰੈਟੇਸ਼ਨ ਦਾ ਇਤਿਹਾਸ ਆਵਾਸ ਜਿੰਨਾ ਹੀ ਪੁਰਾਣਾ ਹੈ। ਜਦੋਂ ਵੱਖ ਵੱਖ ਮੁਲਕਾਂ ਤੋਂ ਵੱਖ ਵੱਖ ਬੋਲੀਆਂ ਬੋਲਣ ਵਾਲੇ ਲੋਕ ਕੈਨੇਡਾ ਆਉਣ ਲੱਗੇ, ਉਹਨਾਂ ਨੂੰ ਇੱਥੇ ਹੋਰ ਲੋਕਾਂ ਨਾਲ ਘੁਲਣ ਮਿਲਣ ਲਈ ਬੋਲੀ ਦੀ ਦਿੱਕਤ ਪੇਸ਼ ਆਈ ਅਤੇ ਇੱਕ ਦੂਜੇ ਦੀ ਗੱਲ ਸਮਝਣ ਲਈ ਉਹਨਾਂ ਨੂੰ ਦੁਭਾਸ਼ੀਏ ਦਾ ਸਹਾਰਾ ਲੈਣਾ ਪਿਆ। ਇਸ ਕਿੱਤੇ ਨੂੰ ਅਪਣਾਉਣ ਵਾਲੇ ਜ਼ਿਆਦਾਤਰ ਲੋਕ ਪਾਰਟ-ਟਾਈਮ ਇਹ ਕੰਮ ਕਰਦੇ ਸਨ। ਪਰ ਹੁਣ ਇੰਟਰਪ੍ਰੈਟਰਾਂ ਦੀ ਮੰਗ ਵੱਧਣ ਨਾਲ ਇਸ ਨੂੰ ਕੁੱਲ-ਵਕਤੀ ਕਿੱਤੇ ਦੇ ਤੌਰ ‘ਤੇ ਅਪਣਾਉਣਾ ਸੰਭਵ ਹੋਇਆ ਹੈ।
ਇੰਟਰਪ੍ਰੈਟੇਸ਼ਨ ਦੇ ਖੇਤਰ ਵਿੱਚ ਵਿਸਥਾਰ ਹੋਣ ਦੇ ਨਾਲ ਨਾਲ ਇਸ ਦੀਆਂ ਮੰਗਾਂ ਅਤੇ ਉਮੀਦਾਂ ਵੀ ਵੱਧ ਗਈਆਂ ਹਨ।ਹੋਰ ਹੁਨਰਮੰਦ ਕਿੱਤਿਆਂ ਦੀ ਤਰਾਂ ਇਹ ਵੀ ਇੱਕ ਹੁਨਰਮੰਦ ਕਿੱਤਾ ਬਣ ਗਿਆ ਹੈ, ਜਿਹੜਾ ਇਸ ਵਿੱਚ ਦਾਖਲ ਹੋਣ ਵਾਲਿਆਂ ਤੋਂ ਢੁੱਕਵੀਂ ਸਿਖਲਾਈ, ਨਿਰੰਤਰ ਨਵਾਂ ਕੁੱਝ ਸਿੱਖਣ ਦੀ ਰੀਝ ਅਤੇ aੁੱਚੇ ਮਿਆਰ ਦੀ ਮੰਗ ਕਰਦਾ ਹੈ।
ਇਸ ਦਾ ਕਾਰਨ ਇਹ ਹੈ ਕਿ ਜਿਹੜੇ ਖੇਤਰਾਂ ਵਿੱਚ ਇੰਟਰਪ੍ਰੈਟਰ ਕੰਮ ਕਰਦੇ ਹਨ- ਜਿਵੇਂ ਕਿ ਡਾਕਟਰੀ, ਮਾਨਸਿਕ ਸਿਹਤ ਸੇਵਾਵਾਂ, ਅਦਾਲਤਾਂ, ਕਾਨੂੰਨ, ਇਮੀਗਰੇਸ਼ਨ ਆਦਿ- ਉਹਨਾਂ ਵਿੱਚ ਲਗਾਤਾਰ ਤਬਦੀਲੀ ਆ ਰਹੀ ਹੈ, ਨਵੀਆਂ ਖੋਜਾਂ ਅਤੇ ਨਵੀਆਂ ਤਕਨੀਕਾਂ ਵਿਕਸਤ ਹੋ ਰਹੀਆਂ ਹਨ, ਨਵੇਂ ਕਾਨੂੰਨ ਅਤੇ ਨਿਯਮ ਬਣਦੇ ਹਨ ਅਤੇ ਨਿੱਤ ਨਵੇਂ ਸ਼ਬਦ ਇਹਨਾਂ ਕਿੱਤਿਆਂ ਦੇ ਸ਼ਬਦ-ਭੰਡਾਰਾਂ ਵਿੱਚ ਸ਼ਾਮਲ ਹੋ ਰਹੇ ਹਨ। ਕੇਵਲ ਉਹੀ ਇੰਟਰਪ੍ਰੈਟਰ ਆਪਣੇ ਕਿੱਤੇ ਨਾਲ ਇਨਸਾਫ ਕਰ ਸਕਦਾ ਹੈ ਜਿਹੜਾ ਇਹਨਾਂ ਖੇਤਰਾਂ ਬਾਰੇ ਚੰਗੀ ਜਾਣਕਾਰੀ ਰੱਖਦਾ ਹੋਵੇ, ਨਵੀਆਂ ਤਬਦੀਲੀਆਂ ਤੋਂ ਵਾਕਫ ਹੋਵੇ ਅਤੇ ਨਵੀਂ ਸ਼ਬਦਾਵਲੀ ਉਸਦੇ ਰਾਹ ਵਿੱਚ ਅੜਿੱਕਾ ਨਾ ਬਣੇ। ਦੂਜੇ ਪਾਸੇ ਜਿਹੜਾ ਇੰਟਰਪ੍ਰੈਟਰ ਇਹਨਾਂ ਚੁਣੌਤੀਆਂ ‘ਤੇ ਪੂਰਾ ਉਤਰਦਾ ਹੈ, ਅਤੇ ਆਪਣੀ ਪ੍ਰੋਫੈਸ਼ਨਲ ਸਿਖਲਾਈ ਵਿੱਚ ਵਾਧਾ ਕਰਦਾ ਰਹਿੰਦਾ ਹੈ ਉਸਨੂੰ ਵਧੇਰੇ ਸੰਤੁਸ਼ਟੀ ਵੀ ਮਿਲਦੀ ਹੈ ਅਤੇ ਉਸਦੀ ਕਦਰ ਵੀ ਪੈਂਦੀ ਹੈ। ਮੁਕਾਬਲੇ ਦੇ ਇਸ ਦੌਰ ਵਿੱਚ ਉਚ-ਸਿਖਲਾਈ ਪ੍ਰਾਪਤ ਇੰਟਰਪ੍ਰੈਟਰ ਹੋਰਨਾਂ ਨਾਲੋਂ ਵਧੇਰੇ ਜ਼ਿਆਦਾ ਦਰ ਜਾਂ ਫੀਸ ਵਸੂਲ ਕਰਦੇ ਹਨ। ਸਮੇਂ ਦੀ ਮੰਗ ਨੂੰ ਮੁੱਖ ਰੱਖਕੇ, ਸੋਸਾਇਟੀ ਆਫ ਇੰਟਰਪ੍ਰੈਟਰਜ਼ ਐਂਡ ਟਰਾਂਸਲੇਟਰਜ਼ ਆਫ ਬ੍ਰਿਟਿਸ਼ ਕੋਲੰਬੀਆ (ਐਸ ਟੀ ਆਈ ਬੀ ਸੀ) ਨੇ ਹੁਣ ਕੋਰਟ ਇੰਟਰਪ੍ਰੈਟਰਾਂ ਨਾਲ ਮੈਡੀਕਲ ਇੰਟਰਪ੍ਰੈਟਰਾਂ ਲਈ ਵੀ ਸਰਟੀਫਿਕੇਸ਼ਨ ਦਾ ਪ੍ਰਬੰਧ ਕਰ ਦਿੱਤਾ ਹੈ। ਇਸ ਨਾਲ ਇੰਟਰਪ੍ਰੈਟਰਾਂ ਲਈ ਪ੍ਰੋਫੈਸ਼ਨਲ ਸਿਖਲਾਈ ਦੀ ਲੋੜ ਹੋਰ ਵੀ ਵੱਧ ਗਈ ਹੈ।
ਕੁੱਝ ਸਮਾਂ ਪਹਿਲਾਂ ਤੱਕ ਗਰੇਟਰ ਵੈਨਕੂਵਰ ਵਿੱਚ ਇੰਟਰਪ੍ਰੈਟਰ ਬਣਨ ਲਈ ਪੜ੍ਹਾਈ ਅਤੇ ਸਿਖਲਾਈ ਦੇ ਮੌਕੇ ਬਹੁਤ ਘੱਟ ਸਨ।
ਖਾਸ ਤੌਰ ਤੇ ਪੰਜਾਬੀ ਇੰਟਰਪ੍ਰੈਟਰ ਬਣਨ ਲਈ ਸਿਖਲਾਈ ਕੋਰਸਾਂ ਦੀ ਘਾਟ ਰੜਕਦੀ ਹੈ, ਜਦ ਕਿ ਪੰਜਾਬੀ ਬੋਲਣ ਵਾਲੇ ਇੰਟਰਪ੍ਰੈਟਰਾਂ ਦੀ ਮੰਗ ਦਿਨ-ਬ-ਦਿਨ ਵੱਧ ਰਹੀ ਹੈ। ਖੁਸ਼ੀ ਦੀ ਗੱਲ ਹੈ ਕਿ ਇਸ ਘਾਟ ਨੂੰ ਦੂਰ ਕਰਨ ਲਈ ਸਾਈਮਨ ਫਰੇਜ਼ਰ ਯੂਨੀਵਰਸਿਟੀ (ਐਸ ਐਫ ਯੂ) ਨੇ ਬੀੜਾ ਚੁੱਕਿਆ ਹੈ ਅਤੇ ਉਹ ਪੰਜਾਬੀਆਂ ਦੀ ਭਾਰੀ ਵਸੋਂ ਵਾਲੇ ਸਰੀ ਸ਼ਹਿਰ ਵਿੱਚ ਦੋ ਸਰਟੀਫਿਕੇਟ ਕੋਰਸ ਸ਼ੁਰੂ ਕਰਨ ਜਾ ਰਹੀ ਹੈ।
ਲੀਗਲ ਇੰਟਰਪ੍ਰੈਟੇਸ਼ਨ ਐਂਡ ਟਰਾਂਸਲੇਸ਼ਨ ਸਰਟੀਫਿਕੇਟ (ਪੰਜਾਬੀ/ਅੰਗਰੇਜ਼ੀ) ਨਾਂ ਦਾ ਪਾਰਟ-ਟਾਈਮ ਕੋਰਸ ੧੦ ਮਹੀਨੇ ਦਾ ਹੋਵੇਗਾ ਜਿਹੜਾ ਆਉਂਦੇ ਸਤੰਬਰ ਵਿੱਚ ਸ਼ੁਰੂ ਹੋਵੇਗਾ। ਇਹ ਕੋਰਸ ਮੁਕੰਮਲ ਕਰਨ ਵਾਲਿਆਂ ਲਈ ਜਿੱਥੇ ਕੋਰਟ ਇੰਟਰਪ੍ਰੈਟਰ ਬਣਨ ਲਈ ਰਾਹ ਪੱਧਰਾ ਹੋਵੇਗਾ ਉੱਥੇ ਉਨ੍ਹਾਂ ਲਈ ਅਦਾਲਤਾਂ ਅਤੇ ਕਾਨੂੰਨੀ ਅਦਾਰਿਆਂ ਵਿੱਚ ਇੰਟਰਪ੍ਰੈਟੇਸ਼ਨ ਦੇ ਅਥਾਹ ਮੌਕੇ ਵੀ ਉਪਲਬਧ ਹੋਣਗੇ। ਇਸੇ ਤਰਾਂ ਐਸ ਐਫ ਯੂ ਵੱਲੋਂ ਮੈਡੀਕਲ ਟਰਾਂਸਲੇਸ਼ਨ ਐਂਡ ਇੰਟਰਪ੍ਰੈਟੇਸ਼ਨ ਸਰਟੀਫਿਕੇਟ (ਪੰਜਾਬੀ/ਅੰਗਰੇਜ਼ੀ) ਕੋਰਸ ਆਰੰਭ ਕੀਤਾ ਜਾ ਰਿਹਾ ਹੈ।
ਤਿੰਨ ਮਹੀਨੇ ਦਾ ਇਹ ਪਾਰਟ-ਟਾਈਮ ਕੋਰਸ ਸਤੰਬਰ ਤੋਂ ਦਸੰਬਰ ਤੱਕ ਚੱਲੇਗਾ। ਇਹਨਾਂ ਕੋਰਸਾਂ ਬਾਰੇ ਜਾਣਕਾਰੀ ਐਸ ਐਫ ਯੂ ਦੀ ਵੈੱਬਸਾਈਟ ਦੇ ਇਸ ਲਿੰਕ http://www.sfu.ca/continuing-studies/programs-and-courses/area-of-study/interpretation-and-translation/punjabi-english-programs.html ਤੋਂ ਲਈ ਜਾ ਸਕਦੀ ਹੈ। ਆਉਂਦੇ ਹਫਤਿਆਂ ਦੌਰਾਨ, ਯੂਨੀਵਰਿਸਟੀ ਵੱਲੋਂ ਇਹਨਾਂ ਕੋਰਸਾਂ ਬਾਰੇ ਐਸ ਐਫ ਯੂ ਦੇ ਸਰੀ ਕੈਂਪਸ ਵਿੱਚ ਜਾਣਕਾਰੀ ਸੈਸ਼ਨ ਵੀ ਆਯੋਜਤ ਕੀਤੇ ਜਾ ਰਹੇ ਹਨ।