ਸਰੀ ‘ਚ ਹਰ ਇੱਕ ਲਈ ਆਵਾਜਾਈ ਦੇ ਸਾਧਨ ਵਧੀਆ ਹੋਣ

0
3089

ਸਰੀ ‘ਚ ਹਰ ਇੱਕ ਲਈ ਆਵਾਜਾਈ ਦੇ ਸਾਧਨ ਵਧੀਆ ਹੋਣ, ਇਹ ਗੱਲ ਹੁਣ ਲਗ ਭਗ ਪੂਰੀ ਹੋਣ ਵਾਲੀ ਹੀ ਹੈ। ਪਿਛਲੇ ਹਫਤੇ ਕਨੇਡਾ ਅਤੇ ਬੀ.ਸੀ. ਦੀਆਂ ਸਰਕਾਰਾਂ ਵੱਲੋਂ ਸਰ੍ਹੀ-ਨਿਊਟਨ-ਗਿਲਫੋਰਡ ਲਾਈਟ ਰੇਲ ਟ੍ਰਾਂਜ਼ਿਟ (ਐਸ.ਅੇਨ.ਜੀ. ਐਲ.ਆਰ.ਟੀ.) ਦੇ ਪ੍ਰੋਜੈਕਟ ਨੂੰ ਰਸਮੀ ਮਨਜ਼ੁਰੀ ਮਿਲਣ ਨਾਲ ਇਹ ਪ੍ਰੋਜੈਕਟ ਵਿਸ਼ੇਸ਼ ਪੜਾਅ ‘ਤੇ ਪਹੁੰਚ ਗਿਆ ਹੈ। ਹੁਣ ਇਸ ਪ੍ਰੋਜੈਕਟ ਨੂੰ ਤਿੰਨ ਪੱਧਰ ਦੀਆਂ ਸਰਕਾਰਾਂ ਦੀ ਅਧਿਕਾਰਿਤ ਤੌਰ ‘ਤੇ ਮਨਜ਼ੂਰੀ ਮਿਲ ਗਈ ਹੈ। ਅਧਿਕਾਰਤ ਤੌਰ ‘ਤੇ ਸਮਾਨ ਪ੍ਰਾਪਤੀ ਦਾ ਕੰਮ ਪਿਛਲੇ ਹਫਤੇ ਸ਼ੁਰੂ ਕਰ ਦਿੱਤਾ ਗਿਆ ਹੈ। ਮੇਰੀ ਟੀਮ ਵੀ ਸਰ੍ਹੀ ‘ਚ ਮੁਸਾਫਰਾਂ ਨੂੰ ਲਿਜਾਣ ਵਾਲੀ, ਬੀ.ਸੀ. ਦੇ ਇਸ ਪਹਿਲੇ ਲਾਈਟ ਰੇਲ ਪ੍ਰੋਜੇਕਟ ਨੂੰ, ੨੦੨੪ ਤੱਕ ਮੁਕੰਮਲ ਕਰਨ ਲਈ ਜੁਟ ਗਈ ਹੈ।
ਅਸੀਂ ਇਹ ਭਲੀ ਭਾਂਤ ਜਾਣਦੇ ਹਾਂ ਕਿ ਸਰ੍ਹੀ ਬਹੁਤ ਪ੍ਰਫੁੱਲਤ ਹੋ ਰਿਹਾ ਸ਼ਹਿਰ ਹੈ। ਜੇ ਜ਼ਿਆਦਾ ਵੱਸੋਂ ਹੋਵੇਗੀ ਤਾਂ ਜ਼ਿਆਦਾ ਨੌਕਰੀਆਂ ਵੀ ਹੋਣਗੀਆਂ ਅਤੇ ਕੰਮ ਕਰਨ ਵਾਲਿਆਂ ਦੇ ਆਣ ਜਾਣ ਕਰਕੇ ਟ੍ਰੈਫਿਕ ਵੀ ਵਧੇਰੇ ਹੋਵੇਗਾ। ਇੱਕ ਅੰਦਾਜ਼ੇ ਅਨੁਸਾਰ ੨੦੪੦ ਤੱਕ ਸਰ੍ਹੀ ਦੀ ਅਬਾਦੀ ‘ਚ ੪੦੦,੦੦੦ ਦਾ ਹੋਰ ਵਾਧਾ ਹੋ ਜਾਵੇਗਾ। ਇਸ ਤਰ੍ਹਾਂ ਸਰ੍ਹੀ, ਬੀ.ਸੀ. ਦਾ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲਾ ਸ਼ਹਿਰ ਬਣ ਜਾਵੇਗਾ।
ਇਸ ਗੱਲ ਨੂੰ ਹੀ ਧਿਆਨ ‘ਚ ਰੱਖਦੇ ਹੋਏ ਅਸੀਂ ਸਿਟੀ ਆਫ ਸਰ੍ਹੀ ਨਾਲ ਮਿਲ ਕੇ ਅਬਾਦੀ, ਆਰਥਿਕ ਵਾਧੇ ਅਤੇ ਸਰ੍ਹੀ ਦੀਆਂ ਆਵਾਜਾਈ ਸਬੰਧੀ ਲੋੜਾਂ ਦਾ ਅਧਿਅਨ ਕੀਤਾ ਅਤੇ ਸ਼ਹਿਰ ਦੀ ਆਵਾਜਾਈ ਦੀਆਂ ਸੇਵਾਵਾਂ ਦੇ ਟੀਚੇ ਨਿਰਧਾਰਤ ਕੀਤੇ। ਕਈ ਸਾਲਾਂ ਦੇ ਕੰਮ ‘ਤੇ ਵਿਚਾਰ ਕਰਨ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਇਸ ਸ਼ਹਿਰ ਦੇ ਭੀੜ ਭੜੱਕੇ ਨੂੰ ਘਟਾਉਣ ਅਤੇ ਟ੍ਰਾਂਜ਼ਿਟ ਦੀ ਲਗਾਤਾਰ ਵਧ ਰਹੀ ਮੰਗ ਦਾ ਇੱਕ ਹੀ ਸਭ ਤੋਂ ਵਧੀਆ ਹੱਲ ਹੈ ਅਤੇ ਉਹ ਹੈ ਲਾਈਟ ਰੇਲ ਦਾ ਪ੍ਰਬੰਧ ਕਰਨਾ। ਇਸ ਨਾਲ ਇਸ ਸ਼ਹਿਰ ਦਾ ਵਿਕਾਸ ਜੋ ਅਸੀਂ ਸਾਰੇ ਚਾਹੁੰਦੇ ਹਾਂ, ਉਸ ‘ਚ ਵੀ ਮਦਦ ਮਿਲੇਗੀ। ਜਾਣੀ ਕਿ ਰਹਿਣ ਯੋਗ ਅਤੇ ਆਪਸ ‘ਚ ਵਧੀਆ ਢੰਗ ਨਾਲ ਜੁੜੇ ਹੋਏ ਇਲਾਕੇ।
ਅਸੀਂ ਇਹ ਵੀ ਜਾਣਦੇ ਹਾਂ ਕਿ ਜਦੋਂ ਵੀ ਕੋਈ ਕਿਸੇ ਥਾਂ ਰਹਿਣ, ਕੰਮ ਕਰਨ ਅਤੇ ਜੀਵਨ ਗੁਜ਼ਾਰਨ ਦਾ ਫੈਸਲਾ ਕਰਦਾ ਹੈ, ਤਾਂ ਉਹ ਸਹੂਲਤ ਵਾਲੀ ਆਵਾਜਾਈ ਦੇ ਸਾਧਨ ਨੂੰ ਵੀ ਧਿਆਨ ‘ਚ ਰੱਖਦਾ ਹੈ। ਸਰ੍ਹੀ ਦੀ ਲਾਈਟ ਰੇਲ ਟ੍ਰਾਂਜ਼ਿਟ ਇਸ ਸ਼ਹਿਰ ਦੀ ਅਬਾਦੀ ਦੀ ਘਣਤਾ ਨੂੰ ਵੀ ਵਧਾਵੇਗੀ ਅਤੇ ਨਾਲ ਹੀ ਆਰਥਿਕ ਵਿਕਾਸ ‘ਚ ਵੀ ਤੇਜ਼ੀ ਲਿਆਵੇਗੀ। ਇਸ ਨਾਲ ਆਵਾਜਾਈ ‘ਚ ਹੀ ਵਾਧਾ ਨਹੀਂ ਹੋਵੇਗਾ ਸਗੋਂ ਰੁਜ਼ਗਾਰ ਅਤੇ ਰਿਹਾਇਸ਼ ਦੇ ਬਦਲਾਂ ‘ਚ ਵੀ ਵਾਧਾ ਹੋਵੇਗਾ। ਜੇ ਗੱਲ ੨੦੨੪ ਦੀ ਕਰੀਏ ਤਾਂ ਐਲ ਆਰ ਟੀ ਦੇ ਸਟਾਪ ਦੇ ੪੦੦ ਮੀਟਰ ਦੇ ਘੇਰੇ ‘ਚ ਆਣ ਵਾਲੇ ਥਾਵਾਂ ‘ਤੇ ੨੮,੦੦੦ ਰੁਜ਼ਗਾਰ ਵਧਣਗੇ ਜੋ ਕਿ ੨੦੩੩ ਤੱਕ ਵਧ ਕੇ ੩੪,੦੦੦ ਹੋਣ ਦੀ ਆਸ ਹੈ।
ਸਰ੍ਹੀ ਦੇ ਤਿੰਨ ਮੁੱਖ ਟਾਊੁਨ ਸੈਂਟਰਾਂ ਨੂੰ ਮਿਲਾਉਣ ਵਾਲੀ ਸਰ੍ਹੀ ਐਲ.ਆਰ.ਟੀ. ੧੦੪ ਐਵੇਨਿਊ ਤੇ ਕਿੰਗ ਜੌਰਜ ਬੁਲੇਵਾਰਡ ਦੇ ਇਲਾਕੇ ‘ਚ ਚੱਲੇਗੀ। ਸਰ੍ਹੀ ‘ਚ ਸ਼ੁਰੂ ਹੋਣ ਵਾਲੇ ਟ੍ਰਾਂਜ਼ਿਟ ਟ੍ਰਿਪਾਂ ਵਿਚੋਂ ਤਿੰਨ/ਚੋਥਾਈ ਟ੍ਰਿਪ ਸਰ੍ਹੀ ਵਿਚ ਹੀ ਖਤਮ ਹੁੰਦੇ ਹਨ। ਇਸ ਲਈ ਇਸ ਗੱਲ ਦੀ ਪ੍ਰੋੜ੍ਹਤਾ ਹੋ ਜਾਂਦੀ ਹੈ ਕਿ ਇਸ ਦੀ ਇੱਥੇ ਇਸ ਕਰਕੇ ਹੀ ਲੋੜ ਸੀ। ਕਿਉਂਕਿ ਵਧੀਆ ਅਤੇ ਜ਼ਿਆਦਾ ਲੋਕਲ ਸਰਵਿਸ ਦੀ ਲੋੜ ਇਸ ਇਲਾਕੇ ‘ਚ ਹੀ ਹੈ।
ਐਸ.ਅੇਨ.ਜੀ. ਐਲ.ਆਰ.ਟੀ. ਜਦੋਂ ਚੱਲ ਪਈ ਤਾਂ ਇਹ ਮੌਜੂਦਾ ਬੱਸ ਸਰਵਿਸ ੯੬ ਬੀ-ਲਾਇਨ ਦੀ ਥਾਂ ਲਵੇਗੀ। ਇਹ ਬੀ-ਲਾਇਨ, ਟ੍ਰਾਂਸਲਿੰਕ ‘ਚ ਸਬ ਤੋਂ ਤੇਜ਼ੀ ਨਾਲ ਵਧ ਰਹੀ ਸਰਵਿਸ ਹੈ। ਸੰਨ ੨੦੧੭ ‘ਚ ਇਸ ‘ਚ ਸਫਰ ਕਰਨ ਵਾਲਿਆਂ ਦੀ ਗਿਣਤੀ ੫ ਮਿਲੀਅਨ ਸੀ ਜੋ ੨੦੧੪ ਤੋਂ ੫੦% ਵੱਧ ਹੈ। ਇਸ ਤਰ੍ਹਾਂ ਦੇ ਹੋ ਰਹੇ ਵਾਧੇ ਨਾਲ ਆਸ ਹੈ ਕਿ ਇੱਕ ਦਹਾਕੇ ‘ਚ ਹੀ ਇਹ ਬੀ-ਲਾਇਨ ਦੀ ਸਮਰੱਥਾ ਤੋਂ ਵਧ ਜਾਵੇਗੀ। ਪਰ ਜੇ ਗੱਲ ਐਲ.ਅਰ.ਟੀ. ਦੀ ਕਰੀਏ ਤਾਂ ਇਸ ‘ਚ ਸਫਰ ਕਰ ਸਕਣ ਵਾਲੇ ਮੁਸਾਫਰਾਂ ਦੀ ਸਮਰੱਥਾ ਬੀ-ਲਾਇਨ ਨਾਲੋਂ ਚਾਰ ਗੁਣਾ ਵੱਧ ਹੈ। ਇਸ ਤਰ੍ਹਾਂ ਭਵਿੱਖ ‘ਚ ਵਧ ਰਹੀ ਮੁਸਾਫਰਾਂ ਦੀ ਗਿਣਤੀ ਦਾ ਹੱਲ ਹੈ ਐਲ.ਆਰ.ਟੀ। ਜਿਸ ਨਾਲ ਇਹ ਦੋ ਮਹੱਤਵ ਪੂਰਨ ਟਿਕਾਣਿਆਂ ‘ਚ ਪਹੁੰਚ ਯੋਗ ਤੇ ਅਰਾਮਦਾਇਕ ਸੇਵਾ ਪ੍ਰਦਾਨ ਕਰੇਗੀ।
ਮੁਸਾਫਰਾਂ ਨੂੰ ਸਫਰ ਲਈ ਲੰਬੇ ਸਮੇਂ ਦੀ ਉਡੀਕ ਵੀ ਨਹੀਂ ਕਰਨੀ ਪੈਣੀ। ਕਿਉਂਕਿ ਐਲ.ਆਰ.ਟੀ ਦੀ ਸੇਵਾ ਬਹੁਤ ਥੋੜ੍ਹੇ ਥੋੜ੍ਹੇ ਸਮੇਂ ਬਾਅਦ ਹੋਵੇਗੀ। ਇਸ ਲਈ ਵਧੇਰੇ ਰੁਝੇਵੇਂ ਵਾਲੇ ਸਮੇਂ ਕੇਵਲ ‘ਤੇ ਕੇਵਲ ੫ ਮਿੰਟ ਦੀ ਉਡੀਕ ਹੀ ਕਰਨੀ ਪਵੇਗੀ ਅਤੇ ਇਸ ਦਾ ਸਫਰ ਦਾ ਸਮਾਂ ਹੋਵੇਗਾ ੨੭ ਮਿੰਟ ਜਾਂ ਇਸ ਤੋਂ ਵੀ ਘੱਟ। ਪਰ ੯੬ ਬੀ-ਲਾਇਨ ਦਾ ਰੁਝੇਵੇਂ ਵੇਲੇ ਦਾ ਇਹ ਸਮਾਂ ੨੯ ਤੋਂ ੫੦ ਮਿੰਟ ਦਾ ਹੈ।
ਬੀ.ਸੀ. ਵੀ ਉਨ੍ਹਾਂ ਸ਼ਹਿਰਾਂ ਅਤੇ ਖਿੱਤਿਆਂ ‘ਚ ਸ਼ਾਮਲ ਹੋ ਰਿਹਾ ਹੈ ਜਿਹੜੇ ਕਿ ਕਮਿਉਨਟੀਆਂ ਨੂੰ ਵਧੀਆ ਢੰਗ ਨਾਲ ਜੋੜਨ ਲਈ ਲਾਈਟ ਰੇਲ ਪ੍ਰੋਜੈਕਟ ਨੂੰ ਅਪਣਾ ਰਹੇ ਹਨ। ਅਸੀਂ ਵਿਸ਼ਵ ਭਰ ‘ਚ ਚੱਲ ਰਹੇ ੪੦੦ ਦੇ ਕਰੀਬ ਲਾਈਟ ਰੇਲ ਪ੍ਰੋਜੈਕਟਾਂ ਦਾ ਅਧਿਅਨ ਕਰਕੇ ਇਹ ਪਤਾ ਲਾ ਲਿਆ ਹੈ ਕਿ ਇਸ ਪ੍ਰੋਜੈਕਟ ਨੂੰ ਕਿਵੇਂ ਵਧੀਆ ਅਤੇ ਘੱਟ ਤੋਂ ਘੱਟ ਰੁਕਾਵਟਾਂ ਵਾਲਾ ਬਣਾਉਣਾ ਹੈ।
ਇਹ ਇੱਕ ਇਤਹਾਸਿਕ ਮੌਕਾ ਹੈ। ਐਸ.ਅੇਨ.ਜੀ. ਐਲ.ਆਰ.ਟੀ. ਪ੍ਰੋਜੈਕਟ ਨਾਲ਼ ਫ੍ਰੇਜ਼ਰ ਦੇ ਦੱਖਣ ਦੇ ਪਾਸੇ ਸਰ੍ਹੀ ‘ਚ ਸਭ ਤੋਂ ਵੱਧ ਪੂੰਜੀ ਨਿਵੇਸ਼ ਹੋਵੇਗਾ। ਅਗਲੇ ਸਾਲਾਂ ‘ਚ ਬੀ.ਸੀ. ‘ਚ ਐਲ.ਆਰ.ਟੀ. ‘ਚ ਸਫਰ ਕਰਨ ਤੋਂ ਪਹਿਲਾਂ ਹੋਰ ਬਹੁਤ ਸਾਰਾ ਕੰਮ ਹੋਣ ਵਾਲਾ ਹੈ। ਪਰ ਹੁਣ ਅਸੀਂ ਪਹਿਲਾਂ ਨਾਲੋਂ ਇਸ ਦੇ ਬਹੁਤ ਨਜ਼ਦੀਕ ਪਹੁੰਚ ਗਏ ਹਾਂ ਅਤੇ ਇਹ ਕਹਿਣ ‘ਚ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਹੁਣ ਐਲ.ਆਰ.ਟੀ. ਆ ਰਹੀ ਹੈ!
ਸਟੀਫਨ ਮੇਹਰ, ਟ੍ਰਾਂਸਲਿੰਕ ਡਾਇਰੈਕਟਰ: ਸਰ੍ਹੀ-ਨਿਉਟਨ-ਗਿਲਫੋਰਡ ਐਲ.ਆਰ.ਟੀ. ਪ੍ਰਾਜੈਕਟ।