ਲੋਕਾਂ ਨੂੰ ਘਰ ਮੁਹੱਈਆ ਕਰਾਉਣ ਲਈ ਅਸੀਂ ਇੱਕਠੇ ਕੰਮ ਕਰ ਰਹੇ ਹਾਂ

0
3931

ਬੀ.ਸੀ. ਵਿੱਚ ਲੋਕ ਕਫਾਇਤੀ ਘਰਾਂ ਦੀ ਚੁਨੌਤੀ ਦਾ ਸਾਹਮਣਾ ਹਰ ਰੋਜ਼ ਕਰ ਰਹੇ ਹਨ। ਸਾਲਾਂ ਤੋਂ ਇਸ ਸੰਕਟ ਨੂੰ ਅਣਦੇਖਿਆ ਕੀਤਾ ਗਿਆ। ਕੀਮਤਾਂ ਆਮਦਨੀ ਤੋਂ ਕਿਤੇ ਵੱਧ ਗਈਆਂ ਅਤੇ ਇਸ ਨਾਲ ਲੋਕਾਂ, ਵਪਾਰਾਂ ਅਤੇ ਕਮਿਊੁਨਟੀਆਂ ਨੂੰ ਨੁਕਸਾਨ ਪਹੁੰਚਿਆ।
ਸਾਡੀ ਸਰਕਾਰ ਸਿਰਫ਼ ਕੁਝ ਕੁ ਉੱਚ ਲੋਕਾਂ ਨੁੰ ਫਾਇਦਾ ਦੇਣ ਦੀ ਥਾਂ ਬੀ.ਸੀ. ਵਿੱਚ ਹਰ ਇੱਕ ਦੀ ਜ਼ਿੰਦਗੀ ਬਿਹਤਰ ਬਣਾਉਣ ਲਈ ਵੱਖਰੇ ਬਦਲ ਅਪਨਾ ਰਹੀ ਹੈ। ਇਸ ਵਿੱਚ ਬੀ.ਸੀ .ਦੇ ਇਤਿਹਾਸ ਵਿੱਚ ਕਫਾਇਤੀ ਘਰਾਂ ਵਿੱਚ ਸਭ ਤੋਂ ਵੱਡਾ ਨਿਵੇਸ਼ ਸ਼ਾਮਲ ਹੈ- ੧੦ ਸਾਲਾਂ ਵਿੱਚ ੭ ਬਿਲੀਅਨ ਤੋਂ ਜ਼ਿਆਦਾ ਨਾਲ ਲੋਕਾਂ ਲਈ ੧੧੪,੦੦੦ ਘਰਾਂ ਦੇ ਨਿਰਮਾਣ ਵਿੱਚ ਮਦਦ ਮਿਲੇਗੀ।
ਬੀ.ਸੀ. ਰੀਅਲ ਅਸਟੇਟ ਮਾਰਕਿਟ ਨੂੰ ਸਥਿਰ ਕਰਨ ਲਈ ਅਸੀਂ ਘਰਾਂ ਦੀਆਂ ਕੀਮਤਾਂ ਦੇ ਅਨੁਮਾਨ ਤੇ ਟੈਕਸ ਲਗਾਉਣ, ਚੋਰ-ਮੌਰੀਆਂ ਬੰਦ ਕਰਨ ਅਤੇ ਧੋਖਾਧੜੀ ਨੂੰ ਨਿਸ਼ਾਨਾ ਬਣਾਉਣ ਲਈ ਠੋਸ ਫ਼ੈਸਲੇ ਲੈ ਰਹੇ ਹਾਂ-ਇਸ ਵਿੱਚ ਮਨੀ ਲੋਂਡਰਿੰਗ ਵੀ ਸ਼ਾਮਲ ਹੈ, ਜਿਸ ਨਾਲ ਸੰਗਠਿਤ ਅਪਰਾਧ ਅਤੇ ਅਸਮਾਨੀ ਚੜ੍ਹ ਰਹੀਆਂ ਘਰਾਂ ਦੀਆਂ ਕੀਮਤਾਂ ਜੁੜੀਆਂ ਹੋਈਆਂ ਹਨ।
ਬੇਘਰੇ ਲੋਕਾਂ ਨੂੰ ਘਰ ਪ੍ਰਦਾਨ ਕਰਨ ਲਈ ਅਸੀਂ ਬੀ.ਸੀ. ਦੀਆਂ ੨੨ ਕਮਿਊਨਟੀਆਂ ਵਿੱਚ ੨੦੦੦ ਮੋਡੂਲਰ ਹਾਊਸਿੰਗ ਯੂਨਿਟ ਬਣਾ ਰਹੇ ਹਾਂ। ਸਰੀ੍ਹ ਤੋਂ ਵਰਨਨ ਅਤੇ ਪਾਵਲ ਰੀਵਰ ਤੱਕ –ਅਸੀਂ ਲੋਕਾਂ ਦੇ ਫਾਇਦੇ ਲਈ ਸਥਾਨਕ ਸਾਂਝੇਦਾਰਾਂ ਨਾਲ ਕੰਮ ਕਰ ਰਹੇ ਹਾਂ। ਮੈਂ ਲੋਕਾਂ ਦੇ ਕੰਮ ‘ਤੇ ਅਤੇ ਸਿੱਖਿਆ ਵੱਲ ਵਾਪਸ ਮੁੜਨ ਦੀਆਂ ਕਹਾਣੀਆਂ ਸੁਣ ਰਿਹਾ ਹਾਂ। ਲੋਕਾਂ ਨੂੰ ਨਵੀਂ, ਬਿਹਤਰ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਉਹਨਾਂ ਦੀ ਲੋੜ ਅਨੁਸਾਰ ਸਹਿਯੋਗ ਅਤੇ ਸੇਵਾਵਾਂ ਮਿਲ ਰਹੀਆਂ ਹਨ।
ਇਸ ਪ੍ਰੋਗਰਾਮ ਦੀ ਸਫਲਤਾ ਅਤੇ ਸਥਾਨਕ ਸਰਕਾਰ ਦੇ ਅਸਾਧਾਰਣ ਪ੍ਰਭਾਵ ਤੋਂ ਪ੍ਰੇਰਿਤ ਹੋ ਕੇ ਅਸੀਂ ਹਾਲ ਹੀ ਵਿੱਚ ਬਿਲਡਿੰਗ ਬੀ. ਸੀ. ਦੀ ਸ਼ੁਰੂਆਤ ਕੀਤੀ ਹੈ :ਵਸਨੀਕਾਂ ਲਈ ੨੪/੭ ਸਹਿਯੋਗੀ ਸੇਵਾਵਾਂ ਸਹਿਤ ੨੫੦੦ ਵਾਧੂ ਨਵੇਂ ਘਰਾਂ ਨੂੰ ਸਹਿਯੋਗ ਦੇਣ ਵਾਲੀ ਹਾਊਸਿੰਗ ਫੰਡਿਗ। ਇਸ ਪ੍ਰੋਗਰਾਮ ਦੇ ਤਹਿਤ ਕਲੋਨਾ, ਪੈਨਟਿਕਟਨ, ਕੌਰਟਨੀ, ਵੈਸਟਬੈਂਕ ਅਤੇ ਕੈਮਲੂਪਸ ਦੇ ਉਤਪਾਦਕਾਂ ਵੱਲੋਂ ਮੌਡੂਲਰ ਯੂਨਿਟਾਂ ਦੇ ਨਿਰਮਾਣ ਲਈ ਸਿੱਧੇ ਅਤੇ ਅਸਿੱਧੇ ਤੌਰ ਤੇ ੨੦੫੦ ਭਾਵੀ ਨੌਕਰੀਆਂ ਦੀ ਉਡੀਕ ਵੀ ਹੈ।
ਇਹ ਪ੍ਰੋਗਰਾਮ ਸਾਡੀ ੩੦ ਨੁਕਾਤੀ ਹਾਊਸਿੰਗ ਯੋਜਨਾ ਦਾ ਹਿੱਸਾ ਹਨ, ਜਿਹਨਾਂ ਨਾਲ ਘਰਾਂ ਦੇ ਸੰਕਟ ਦੀ ਮੁਸੀਬਤ ਦਾ ਸਾਹਮਣਾ ਕੀਤਾ ਜਾਵੇਗਾ ਅਤੇ ਬ੍ਰਿਟਿਸ਼ ਕੋਲੰਬੀਆਂ ਦੇ ਵਾਸੀਆਂ ਨੂੰ ਰਾਹਤ ਮਿਲੇਗੀ। ਅਸੀਂ ੩੭੦੦੦ ਨਵੇਂ ਕਫਾਇਤੀ ਕਿਰਾਏ ਦੇ ਯੂਨਿਟਾਂ ਨੂੰ ਸਿੱਧੇ ਤੌਰ ਤੇ ਫੰਡਿਗ ਦੇ ਰਹੇ ਹਾਂ। ਅਸੀਂ ਹੋਰ ਵਧੇਰੇ ਕਫਾਇਤੀ ਘਰਾਂ ਦੇ ਨਿਰਮਾਣ ਲਈ ਲਾਭਦਾਇਕ ਸਾਂਝੇਦਾਰੀ ਲਈ ਨਵੀਂ ਹਾਊਸਿੰਗ ਹੱਬ ਵੀ ਖੋਲੀ੍ਹ ਹੈ। ਅਸੀਂ ਬਜ਼ੁਰਗਾਂ ਅਤੇ ਕੰਮ ਕਰਨ ਵਾਲੇ ਪਰਿਵਾਰਾਂ ਲਈ ਰੈਂਟਲ ਅਸਿਸਟੈਂਸ ਵਿੱਚ ਵਾਧਾ ਕਰ ਰਹੇ ਹਾਂ। ਅਸੀਂ ਮੌਜੂਦਾ ਕਫਾਇਤੀ ਘਰਾਂ ਅਤੇ ਹੋਰਾਂ ਨੁੰ ਅਪਗਰੇਡ ਅਤੇ ਪੁਨਰ ਸੰਯੋਜਿਤ ਵੀ ਕਰ ਰਹੇ ਹਾਂ।
ਸੂਬੇ ਭਰ ਵਿੱਚ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਦੀ ਨਿਰਪੱਖਤਾ ਅਤੇ ਸੁਰੱਖਿਆ ਵਧਾਉਣ ਲਈ ਅਸੀਂ ਰੈਂਟਲ ਹਾਊਸਿੰਗ ਟਾਸਕ ਫੋਰਸ ਬਣਾਈ ਹੈ ਅਤੇ ਰੈਜੀਡੈਂਸ਼ੀਅਲ ਟੈਂਨੈਸੀ ਬਰਾਂਚ ਦੀ ਫੰਡਿਗ ਵਿੱਚ ਵਾਧਾ ਕੀਤਾ ਹੈ। ਅਸੀਂ ਫਿਕਸ ਟਰਮ ਲੀਜ਼ ਅਤੇ ਭੂਗੌਲਿਕ ਵਾਧੇ (ਜੋਗਰਾਫਿਕ ਇਨਕਰੀਜ਼) ਦੀਆਂ ਚੋਰ-ਮੌਰੀਆਂ ਨੂੰ ਵੀ ਬੰਦ ਕਰ ਦਿੱਤਾ ਹੈ। ਇਸਦਾ ਮਤਲਬ ਮਕਾਨ ਮਾਲਕਾਂ ਕੋਲ ਸਾਫ਼ ਦਿਸ਼ਾ-ਨਿਰਦੇਸ਼ ਹੋਣਗੇ ਅਤੇ ਕਿਰਾਏਦਾਰਾਂ ਨੂੰ ਅਨੁਚਿਤ ਬੇਦਖ਼ਲੀ ਅਤੇ ਕਿਰਾਏ ਵਿੱਚ ਵਾਧੇ ਤੋਂ ਹੋਰ ਸੁਰੱਖਿਆ ਮਿਲ ਸਕੇਗੀ।
ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਔਰਤਾਂ ਅਤੇ ਬੱਚਿਆਂ ਨੂੰ ਘਰੇਲੂ ਹਿੰਸਾ ਸਹਿਣ ਤੋਂ ਬਾਦ ਜਾਣ ਲਈ ਕੋਈ ਟਿਕਾਣਾ ਮਿਲੇ, ਅਸੀਂ ੧੫੦੦ ਟਰਾਂਜ਼ੀਸ਼ਨਲ ਅਤੇ ਸੈਕਿੰਡ ਸਟੇਜ ਹਾਊਸਿੰਗ ਯੂਨਿਟਾਂ ਦਾ ਨਿਰਮਾਣ ਕਰ ਰਹੇ ਹਾਂ ਅਤੇ ਇਹਨਾਂ ਨੂੰ ਚਲਾ ਰਹੇ ਹਾਂ। ੨੦ ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਕਿ ਘਰੇਲੂ ਹਿੰਸਾ ਤੋਂ ਬਾਦ ਹਜ਼ਾਰਾਂ ਔਰਤਾਂ ਅਤੇ ਬੱਚਿਆਂ ਨੂੰ ਜ਼ਰੂਰੀ ਸਹਿਯੋਗ ਅਤੇ ਮਦਦਗਾਰ ਘਰ ਮੁਹੱਈਆ ਕਰਵਾਏ ਗਏ ਹਨ।
ਬੀ.ਸੀ. ਵਿੱਚ ਘਰਾਂ ਦਾ ਸੰਕਟ ਰਾਤੋ-ਰਾਤ ਪੈਦਾ ਨਹੀਂ ਹੋਇਆ ਅਤੇ ਨਾਂ ਹੀ ਇਹ ਰਾਤੋ-ਰਾਤ ਖ਼ਤਮ ਹੋਵੇਗਾ। ਪਰ ਅਸੀਂ ਬੀ.ਸੀ ਦੇ ਹਰ ਹਿੱਸੇ ਵਿੱਚ ਹਰ ਕਮਿਊਨਟੀ ਦੇ ਲੋਕਾਂ ਨੁੰ ਕਫਾਇਤੀ ਘਰ ਮੁਹੱਈਆ ਕਰਵਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਾਂ।
ਜ਼ਿੰਦਗੀ ਨੁੰ ਹੋਰ ਕਫਾਇਤੀ ਬਣਾਉਣਾ, ਤੁਹਾਡੇ ਭਰੋਸੇ ਦੀਆ ਸੇਵਾਵਾਂ ਨੂੰ ਬਿਹਤਰ ਕਰਨਾ ਅਤੇ ਲੋਕਾਂ ਲਈ ਕੰੰਮ ਕਰਨ ਵਾਲੀ ਮਜ਼ਬੂਤ ਚਿਰਸਥਾਈ ਆਰਥਿਕਤਾ ਦਾ ਨਿਰਮਾਣ ਕਰਨਾ ਸਾਡੀ ਵਚਨਬੱਧਤਾ ਦਾ ਹਿੱਸਾ ਹੇ।
ਇਹ ਸਿਰਫ਼ ਸ਼ੁਰੂਆਤ ਹੈ। ਅਸੀਂ ਰਲ ਕੇ ਬੀ.ਸੀ. ਵਿੱਚ ਹਰ ਕਿਸੇ ਦੇ ਭਵਿੱਖ ਨੂੰ ਬਿਹਤਰ ਕਰਨ ਲਈ ਮਿਹਨਤ ਨਾਲ ਕੰਮ ਕਰਦੇ ਰਹਾਂਗੇ।
ਜੌਹਨ ਹੌਰਗਨ