ਨਵੀਂ ਦਿੱਲੀ: ਰਾਜਸਥਾਨ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਨੇ ਰਾਜ ਸਭਾ ਦੀਆਂ ਚਾਰ ਸੀਟਾਂ ਵਿੱਚੋਂ ਤਿੰਨ ਸੀਟਾਂ ਜਿੱਤ ਲਈਆਂ ਹਨ ਤੇ ਭਾਜਪਾ ਦੇ ਸਮਰਥਨ ਵਾਲਾ ਆਜ਼ਾਦ ਉਮੀਦਵਾਰ ਸੁਭਾਸ਼ ਚੰਦਰ ਚੋਣ ਹਾਰ ਗਏ ਹਨ। ਕਾਂਗਰਸ ਨੇ ਇਸ ਉਮੀਦਵਾਰ ਵੱਲੋਂ ਦਿੱਤੀ ਗਈ ਚੁਣੌਤੀ ਨੂੰ ਪਾਰ ਕਰ ਲਿਆ ਹੈ। ਕਾਂਗਰਸੀ ਉਮੀਦਵਾਰ ਰਣਦੀਪ ਸੁਰਜੇਵਾਲਾ, ਮੁਕੁਲ ਵਾਸਨੀਕ ਤੇ ਪ੍ਰਮੋਦ ਤਿਵਾੜੀ ਰਾਜ ਸਭਾ ਮੈਂਬਰਾਂ ਵਜੋਂ ਚੁਣੇ ਗਏ ਹਨ। ਇਹ ਜਾਣਕਾਰੀ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਸ਼ਲ ਮੀਡੀਆ ’ਤੇ ਟਵੀਟ ਕਰ ਕੇ ਦਿੱਤੀ ਹੈ। ਇਸੇ ਦੌਰਾਨ ਭਾਜਪਾ ਉਮੀਦਵਾਰ ਤੇ ਸਾਬਕਾ ਮੰਤਰੀ ਗਣਸ਼ਿਆਮ ਤਿਵਾੜੀ ਨੇ ਚੋਣ ਜਿੱਤ ਲਈ ਹੈ ਤੇ ਉਸ ਰਾਜ ਸਭਾ ਮੈਂਬਰ ਚੁਣੇ ਗਏ ਹਨ। ਉਨ੍ਹਾਂ ਨੂੰ 43 ਵੋਟਾਂ ਪਈਆਂ। ਰਾਜਸਥਾਨ ਦੇ ਦੋ ਸੌ ਵਿਧਾਇਕਾਂ ਨੇ ਸ਼ੁੱਕਰਵਾਰ ਸ਼ਾਮ ਨੂੰ ਰਾਜ ਸਭਾ ਮੈਂਬਰਾਂ ਦੀ ਚੋਣ ਲਈ ਵੋਟਾਂ ਪਾਈਆਂ ਸਨ।