ਮੋਗਾ ਵਿਚ ਜੰਮੀ 18 ਸਾਲ ਦੀ ਅਨਮੋਲ ਜੀਤ ਕੌਰ ਘੁਮਣ ਨਿਊਜ਼ੀਲੈਂਡ ਵਿਚ ਯੂਥ ਐਮਪੀ ਵਜੋਂ ਚੁਣੀ ਗਈ ਹੈ। ਅਨਮੋਲ ਜੀਤ ਦੇ ਪਿਤਾ ਗੁਰਜਿੰਦਰ ਸਿੰਘ ਘੁਮਣ ਨੇ ਦੱਸਿਆ ਕਿ ਜਦੋਂ ਅਨਮੋਲ ਜੀਤ 1 ਸਾਲ ਦੀ ਸੀ, ਉਸ ਸਮੇਂ ਉਹ ਅਪਣੇ ਪਰਵਾਰ ਸਮੇਤ ਮੋਗਾ ਤੋਂ ਨਿਊਜ਼ੀਲੈਂਡ ਵਿਚ ਸ਼ਿਫਟ ਹੋ ਗਏ ਸਨ। ਅਧਿਆਪਕ ਰਹੇ ਗੁਰਿੰਦਰਜੀਤ ਸਿੰਘ ਦੀ ਪਤਨੀ (ਅਨਮੋਲ ਜੀਤ ਦੀ ਮਾਤਾ) ਕੁਲਜੀਤ ਕੌਰ ਵੀ ਟੀਚਰ ਸਨ। ਗੁਰਜਿੰਦਰ ਸਿੰਘ ਘੁਮਣ ਨੇ ਦੱਸਿਆ ਕਿ ਨਿਊਜ਼ੀਲੈਂਡ ਵਿਚ ਚੁਣੇ ਹੋਏ ਐਮਪੀ ਅਪਣੇ ਖੇਤਰ ਤੋਂ ਯੂਥ ਐਮਪੀ ਦੀ ਚੋਣ ਕਰਦੇ ਹਨ।
ਇਹ ਨੌਜਵਾਨ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿਚ ਅਪਣੇ ਵਿਚਾਰ ਰੱਖਦੇ ਹਨ, ਜੋ ਰਿਕਾਰਡ ਵਿਚ ਆਉਂਦੇ ਹਨ। ਇਸ ਕੜੀ ਵਿਚ ਪਾਪਾਕੁਰਾ ਖੇਤਰ ਦੀ ਮੌਜੂਦਾ ਐਮਪੀ ਯੂਡਿਤ ਕੌਲਨ ਨੇ ਅਨਮੋਲ ਜੀਤ ਕੌਰ ਘੁਮਣ ਦੀ ਅਪਣੇ ਪ੍ਰਤੀਨਿੱਧੀ ਦੇ ਤੌਰ ‘ਤੇ ਨਿਯੁਕਤ ਕੀਤਾ ਹੈ। ਇਸ ਨੂੰ ਯੂਥ ਐਮਪੀ ਕਹਿੰਦੇ ਹਨ। ਅਨਮੋਲ ਜੀਤ ਦੀ ਇਹ ਜ਼ਿੰਮੇਵਾਰੀ ਇਕ ਮਾਰਚ 2019 ਤੋਂ 31 ਅਗਸਤ, 2019 ਤੱਕ ਰਹੇਗੀ। ਹੁਣ ਅਨਮੋਲ ਜੀਤ ਮੌਜੂਦਾ ਐਮਪੀ ਦੀ ਪ੍ਰਤੀਨਿੱਧੀ ਦੇ ਤੌਰ ‘ਤੇ ਪਾਰਲੈਮੈਂਟ ਵਿਚ ਜੁਲਾਈ, 2019 ਵਿਚ ਹੋਣ ਵਾਲੇ ਯੂਥ ਸੈਸ਼ਨ ਵਿਚ ਜਾਣਗੇ।
ਗੁਰਜਿੰਦਰ ਸਿੰਘ ਘੁਮਣ ਨੇ ਦੱਸਿਆ ਕਿ ਜਦੋਂ ਅਨਮੋਲ 17 ਸਾਲ ਦੀ ਸੀ ਤਾਂ ਯੂਨਾਈਟਡ ਨੇਸ਼ਨ ਲਈ ਹਾਈ ਸਕੂਲ ਦੀ ਅੰਬੈਸਡਰ ਬਣੀ ਸੀ। ਹੁਣ ਯੂਥ ਐਮਪੀ ਦੇ ਕਾਰਜਕਾਲ ਵਿਚ ਅਨਮੋਲ ਜੀਤ ਯੂਥ ਕੌਂਸਲ ਅਤੇ ਯੂਨਾਈਟਡ ਨੇਸ਼ਨ ਯੂਥ ਮਾਮਲਿਆਂ ‘ਤੇ ਅਪਣੇ ਵਿਚਾਰ ਰੱਖੇਗੀ। ਅਨਮੋਲ ਜੀਤ ਨੇ ਦੱਸਿਆ ਕਿ ਅਗਲੇ ਸਾਲ ਉਹ ਲਾਅ ਐਂਡ ਕਾਮਰਸ ਦੀ ਡਿਗਰੀ ਦੀ ਪੜ੍ਹਾਈ ਵੀ ਸ਼ੁਰੂ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਜੁਲਾਈ, 2019 ਨੂੰ ਉਹ ਦੇਸ਼ ਭਰ ਤੋਂ ਚੁਣੇ ਗਏ 119 ਯੂਥ ਐਮਪੀਜ਼ ਦੇ ਨਾਲ ਪਾਰਲੀਮੈਂਟ ਵਿਚ ਬੈਠਣਗੇ।