ਬ੍ਰਟਿਸ਼ ਕੋਲੰਬੀਆ ਚੋਣਾਂ ‘ਚ ਸੱਤ ਪੰਜਾਬੀਆਂ ਨੇ ਜਿੱਤ ਦੇ ਝੰਡੇ ਗੱਡੇ ਪੰਜਾਬੀ ਆਪਸ ‘ਚ ਭਿੜੇ ਗਰੀਨ ਪਾਰਟੀ ਨਿਭਾਏਗੀ ਕਿੰਗਮੇਕਰ ਦੀ ਭੂਮਿਕਾ

    0
    4467
    AppleMark

    ਵੈਨਕੂਵਰ : ਬ੍ਰਿਟਿਸ਼ ਕੋਲੰਬੀਆ (ਬੀਸੀ) ਵਿਧਾਨ ਸਭਾ ਦੀਆਂ ਹੋਈਆਂ ਚੋਣਾਂ ਵਿੱਚ ਪੰਜਾਬੀਆਂ ਨੇ ਪਾਰਲੀਮੈਂਟ ਚੋਣਾਂ ਵਾਂਗ ਹੀ ਜਿੱਤ ਦੇ ਝੰਡੇ ਗੱਡੇ ਹਨ। ਇਨ੍ਹਾਂ ਚੋਣਾਂ ਵਿੱਚ 24 ਦੇ ਕਰੀਬ ਪੰਜਾਬੀ ਉਮੀਦਵਾਰ ਖੜ੍ਹੇ ਸਨ, ਜਿਨ੍ਹਾਂ ਵਿੱਚੋਂ ਸੱਤ ਨੇ ਜਿੱਤ ਦੇ ਝੰਡੇ ਗੱਡੇ ਹਨ। 87 ਮੈਂਬਰੀ ਵਿਧਾਨ ਸਭਾ ਵਿੱਚ ਤਿੰਨ ਧਿਰੀ ਮੁਕਾਬਲੇ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮੱਤ ਨਹੀਂ ਮਿਲਿਆ ਅਤੇ ਸੱਤਾ ਦਾ ਤਵਾਜ਼ਨ ਤਿੰਨ ਸੀਟਾਂ ਜਿੱਤਣ ਵਾਲੀ ਗਰੀਨ ਪਾਰਟੀ ਦੇ ਹੱਥ ਆ ਗਿਆ ਹੈ ਤੇ ਉਹ ਕਿੰਗਮੇਕਰ ਦੀ ਭੂਮਿਕਾ ਨਿਭਾਏਗੀ। ਉਂਜ ਤਿੰਨਾਂ ਪਾਰਟੀਆਂ ਦੇ ਪ੍ਰਧਾਨਾਂ ਲਈ ਮੁੜ ਤੋਂ ਵਿਧਾਨ ਸਭਾ ਦੇ ਦਰਵਾਜ਼ੇ ਖੁੱਲ੍ਹ ਗਏ ਹਨ। ਦੋਵਾਂ ਮੁੱਖ ਪਾਰਟੀਆਂ ਨੇ ਪੰਜਾਬੀ ਨੂੰ ਪੰਜਾਬੀ ਨਾਲ ਭਿੜਾਉੁਣ ਦਾ ਫਾਰਮੂਲਾ ਰਾਸ ਆਇਆ ਹੈ। ਵੱਡੀ ਗਿਣਤੀ ਪੰਜਾਬੀਆਂ ਨੇ ਸਰੀ ਤੋਂ ਨਿਊ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰਾਂ ਵਜੋਂ ਜਿੱਤ ਦਰਜ ਕੀਤੀ ਹੈ। ਬਹੁਮੱਤ ਤੋਂ ਇਕ ਕਦਮ ਦੂਰ ਰਹੀ ਲਿਬਰਲ ਪਾਰਟੀ ਦੇ ਉਮੀਦਵਾਰ ਕ੍ਰਿਸਟੀ ਕਲਾਰਕ ਦੇ ਮੁੜ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਬਣਨ ਦੇ ਆਸਾਰ ਹਨ। 1953 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਬੀਸੀ ਦੀ ਵਿਧਾਨ ਸਭਾ ਵਿੱਚ ਕਿਸੇ ਪਾਰਟੀ ਨੂੰ ਸਪੱਸ਼ਟ ਬਹੁਮੱਤ ਨਹੀਂ ਮਿਲਿਆ। ਸੱਤਾਧਾਰੀ ਲਿਬਰਲ ਪਾਰਟੀ 43 ਸੀਟਾਂ ਜਿੱਤ ਕੇ ਬਹੁਮੱਤ ਤੋਂ ਹੇਠਾਂ ਰਹਿ ਗਈ। ਮੁੱਖ ਵਿਰੋਧੀ ਐਨਡੀਪੀ ਨੂੰ 41 ਜਦਕਿ ਗਰੀਨ ਪਾਰਟੀ ਨੂੰ 3 ਸੀਟਾਂ ਮਿਲੀਆਂ ਹਨ। ਲਿਬਰਲ ਪਾਰਟੀ ਨੂੰ 41 ਫ਼ੀਸਦ, ਐਨਡੀਪੀ ਨੂੰ 40 ਫ਼ੀਸਦ, ਗਰੀਨ ਪਾਰਟੀ ਨੂੰ 15 ਫੀਸਦ ਜਦਕਿ ਚਾਰ ਫੀਸਦ ਵੋਟਾਂ ਆਜ਼ਾਦ ਉਮੀਦਵਾਰਾਂ ਨੂੰ ਪਈਆਂ ਹਨ। ਸਰੀ ਪੈਨੋਰਮਾ ‘ਚੋਂ ਜਿੰਨੀ ਸਿਮਜ਼ (ਜੁਗਿੰਦਰ ਕੌਰ ਹੋਠੀ) ਨੇ ਵਕੀਲ ਪੁਨੀਤ ਨੂੰ ਹਰਾਇਆ। ਨਿਊਟਨ ਤੋਂ ਹੈਰੀ ਬੈਂਸ ਨੇ ਲਿਬਰਲ ਦੇ ਗੁਰਵਿੰਦਰ ਸਿੰਘ ਪਰਹਾਰ ਨੂੰ ਹਰਾ ਕੇ ਚੌਥੀ ਵਾਰ ਜਿੱਤ ਦਰਜ ਕੀਤੀ। ਗਰੀਨ ਟਿੰਬਰ ਸਰੀ ਤੋਂ ਰਚਨਾ ਸਿੰਘ ਨੇ ਗੋਰੀ ਬਰੈਡਾ ਲੌਕ ਨੂੰ ਹਰਾਇਆ। ਜਗਰੂਪ ਬਰਾੜ ਨੇ ਸਰੀ ਤੋਂ ਸੱਤਾਧਾਰੀ ਪਾਰਟੀ ਦੇ ਵੱਡੇ ਆਗੂ ਪੀਟਰ ਫਾਸਬੈਂਡਰ ਨੂੰ ਵੱਡੇ ਫਰਕ ਨਾਲ ਮਾਤ ਦਿੱਤੀ ਹੈ। ਗੋਰੇ ਗੈਰੀ ਬੈਗ ਨੇ ਮੰਤਰੀ ਅਮਰੀਕ ਵਿਰਕ ਨੂੰ ਹਰਾਇਆ ਹੈ। ਫੀਲਡ ਹਾਕੀ ਓਲੰਪੀਅਨ ਰਵੀ ਕਾਹਲੋਂ ਨੇ ਨਾਰਥ ਡੈਲਟਾ ਤੋ ਜਿੱਤ ਕੇ ਇਹ ਸੀਟ ਲੰਮੇ ਸਮੇਂ ਬਾਅਦ ਐਨਡੀਪੀ ਦੀ ਝੋਲੀ ਪਾਈ ਹੈ। ਰਾਜ ਚੌਹਾਨ ਨੇ ਬਰਨਬੀ ਹਲਕੇ ‘ਚੋਂ ਆਪਣੀ ਹਰਮਨ ਪਿਆਰਤਾ ਬਰਕਰਾਰ ਰੱਖੀ। ਰਿਚਮੰਡ ਕੁਈਨਜ਼ਬਰੋ ਤੋਂ ਜੈਸ ਜੌਹਲ ਨੇ ਅਮਨ ਸਿੰਘ ਨੂੰ ਹਰਾਇਆ ਹੈ। ਗਰੀਨ ਪਾਰਟੀ ਨੇ ਵੋਟ ਪ੍ਰਤੀਸ਼ਤ ਤੇ ਸੀਟਾਂ ਦੀ ਗਿਣਤੀ ਵਿੱਚ ਪਿਛਲੀ ਵਾਰ ਤੋਂ ਤਿੰਨ ਗੁਣਾ ਵਾਧਾ ਕੀਤਾ। ਮੌਜੂਦਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਕਲੋਨਾ ਤੋਂ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਗਰੀਨ ਪਾਰਟੀ ਦੇ ਪ੍ਰਧਾਨ ਐਂਡਰਿਊ ਵੀਵਰ ਨੇ ਵੱਡੇ ਫਰਕ ਨਾਲ ਜਿੱਤ ਹਾਸਲ ਕੀਤੀ। ਪੰਜਾਬੀ ਵਸੋਂ ਵਾਲੇ ਸ਼ਹਿਰ ਸਰੀ ਦੀਆਂ ਨੌਂ ਸੀਟਾਂ ‘ਚੋਂ ਸੱਤਾਧਾਰੀ ਸਿਰਫ ਤਿੰਨ ਸੀਟਾਂ ਹੀ ਜਿੱਤ ਸਕੀ ਅਤੇ ਛੇ ਸੀਟਾਂ ਐਨਡੀਪੀ ਨੇ ਜਿੱਤੀਆਂ ਹਨ। ਇਥੋਂ ਦੇ ਕਾਨੂੰਨ ਅਨੁਸਾਰ ਹਲਕੇ ਤੋਂ ਗ਼ੈਰਹਾਜ਼ਰ ਵੋਟਰਾਂ ਦੀਆਂ ਡਾਕ ਰਾਹੀਂ ਆਉਣ ਵਾਲੀਆਂ ਵੋਟਾਂ ਦੀ ਗਿਣਤੀ 24 ਮਈ ਨੂੰ ਹੋਵੇਗੀ, ਸੋ ਉਹ ਵੋਟਾਂ ਨਾਲ ਐਨਡੀਪੀ ਦੇ ਖਾਤੇ ਪੈਣ ਵਾਲੀ ਸੀਟ ਦਾ ਦ੍ਰਿਸ਼ ਬਦਲ ਕੇ ਸੱਤਾਧਾਰੀ ਪਾਰਟੀ ਨੂੰ ਬਹੁਮਤ ਵਿੱਚ ਲਿਆ ਸਕਦਾ ਹੈ। ਸਰੀ ਗਰੀਨ ਟਿੰਬਰ ਤੋਂ ਜੇਤੂ ਰਹੀ ਐਨਡੀਪੀ ਦੀ ਉਮੀਦਵਾਰ ਰਚਨਾ ਸਿੰਘ ਯੋਜਨਾਬੰਦ ਢੰਗ ਨਾਲ ਚਲਾਈ ਚੋਣ ਮੁਹਿੰਮ ਕਾਰਨ ਸਫ਼ਲ ਰਹੀ। ਪੰਜਾਬ ਵਿੱਚ ਛਪਦੇ ਮੈਗਜ਼ੀਨ ‘ਸਿਰਜਣਾ’ ਦੇ ਬਾਨੀ ਰਘਬੀਰ ਸਿੰਘ ਦੀ ਧੀ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਦੀ ਪਤਨੀ ਰਚਨਾ 16 ਸਾਲ ਪਹਿਲਾਂ ਕੈਨੇਡਾ ਆਈ। ਸਰੀ ਪੈਨੋਰਮਾ ਤੋਂ ਐਨਡੀਪੀ ਵਜੋਂ ਆਪਣੇ ਵਿਰੋਧੀ ਬਣੀ ਵਕੀਲ ਪੁਨੀਤ ਸੰਧਰ ਨੂੰ ਹਰਾਉਣ ਵਾਲੀ ਜੁਗਿੰਦਰ ਕੌਰ ਹੋਠੀ, ਇਕ ਗੋਰੇ ਨੂੰ ਜੀਵਨ ਸਾਥੀ ਬਣਾ ਕੇ ਜਿੰਨੀ ਸਿਮਜ਼ ਬਣੀ ਹੈ। ਉਹ 2011 ਤੋਂ 2015 ਤੱਕ ਪਾਰਲੀਮੈਂਟ ਮੈਂਬਰ ਵੀ ਰਹੀ ਹੈ ਪਰ ਅਕਤੂਬਰ 2015 ਵਿੱਚ ਸੁੱਖ ਧਾਲੀਵਾਲ ਤੋਂ ਹਾਰ ਗਈ ਸੀ। ਰਵੀ ਕਾਹਲੋਂ ਫੀਲਡ ਹਾਕੀ ਵਿੱਚ ਓਲੰਪੀਅਨ ਹੈ ਤੇ ਡੈਲਟਾ ਖੇਤਰ ਵਿੱਚ ਉਸ ਦੇ ਚੰਗੇ ਰਸੂਖ ਕਾਰਨ ਹੀ ਪਾਰਟੀ ਨੇ ਉਸ ਨੂੰ ਲਿਬਰਲ ਦੇ ਸਕਾਟ ਹਮਿਲਟਨ ਦੇ ਮੁਕਾਬਲੇ ਖੜ੍ਹਾ ਕੀਤਾ ਸੀ। ਚੌਥੀ ਵਾਰ ਜਿੱਤੇ ਹੈਰੀ ਬੈਂਸ ਦਾ ਮੁਕਾਬਲਾ ਚਾਰਟਰਡ ਅਕਾਊਂਟੈਂਟ ਗੁਰਵਿੰਦਰ ਸਿੰਘ ਪਰਹਾਰ ਨਾਲ ਸੀ। ਮੁਕਾਬਲਾ ਸਖ਼ਤ ਸਮਝਿਆ ਜਾਂਦਾ ਸੀ ਪਰ ਉਹ ਵੱਡੇ ਫਰਕ ਨਾਲ ਜੇਤੂ ਰਿਹਾ। ਆਜ਼ਾਦ ਉਮੀਦਵਾਰ ਬਲਪ੍ਰੀਤ ਤਿੰਨ ਕੁ ਸੌ ਵੋਟਾਂ ‘ਤੇ ਹੀ ਸਿਮਟ ਕੇ ਰਹਿ ਗਿਆ। ਜਗਰੂਪ ਬਰਾੜ, ਜੋ ਪਿਛਲੀ ਵਾਰ ਕ੍ਰਿਸਟੀ ਕਲਾਰਕ ਦੇ ਭਰੋਸੇਯੋਗ ਤੇ ਕਦਾਵਰ ਸਿਆਸੀ ਆਗੂ ਪੀਟਰ ਫਾਸਬੈਂਡਰ ਤੋਂ ਕੁਝ ਸੌ ਵੋਟਾਂ ਦੇ ਫ਼ਰਕ ਨਾਲ ਹਾਰ ਗਿਆ ਸੀ, ਨੇ ਐਤਕੀਂ ਗੋਰੇ ਨਾਲ ਨੂੰ ਵੱਡੇ ਫਰਕ ਨਾਲ ਚਿੱਤ ਕੀਤਾ ਹੈ। ਰਿਚਮੰਡ ਦੀਆਂ ਚਾਰੇ ਸੀਟਾਂ ਹਾਲਾਂਕਿ ਲਿਬਰਲਾਂ ਦੀ ਝੋਲੀ ਪਈਆਂ ਹਨ, ਪਰ ਕੁਈਨਜ਼ਬਰੋ ਹਲਕੇ ਵਿੱਚ ਰੇਡੀਓ ਬਰੌਡਕਾਸਟਰ ਤੇ ਟੀਵੀ ਹੋਸਟ ਜੈਸ ਜੌਹਲ ਨੇ ਹਾਂਗਕਾਂਗ ਦੇ ਜੰਮਪਲ ਨੌਜਵਾਨ ਅਮਨ ਸਿੰਘ ਨਾਲ ਫਸਵੇਂ ਮੁਕਾਬਲੇ ਵਿੱਚ ਤਿੰਨ ਕੁ ਸੌ ਵੋਟਾਂ ਦੇ ਫਰਕ ਨਾਲ ਸੀਟ ਕੱਢੀ। ਮੌਜੂਦਾ ਸਰਕਾਰ ਵਿੱਚ ਮੰਤਰੀ ਅਮਰੀਕ ਵਿਰਕ ਦਾ ਵਿਵਾਦਾਂ ਵਿੱਚ ਘਿਰੇ ਰਹਿਣਾ ਉਸ ਦੀ ਹਾਰ ਦਾ ਕਾਰਨ ਬਣਿਆ ਹੈ। ਉਸ ਨੂੰ ਸਾਬਕਾ ਪੁਲੀਸ ਅਧਿਕਾਰੀ ਗੈਰੀ ਬੈਗ ਤੋਂ ਹਾਰ ਮਿਲੀ। ਕੁਝ ਹੋਰਨਾਂ ਹਲਕਿਆਂ ਵਿੱਚ ਵੀ ਪੰਜਾਬੀ ਉਮੀਦਵਾਰ ਸਨ, ਜੋ ਟੱਕਰ ਦੇਣ ਵਿੱਚ ਨਾਕਾਮ ਰਹੇ। ਇਨ੍ਹਾਂ ਵਿੱਚ ਵਿੱਤ ਮੰਤਰੀ ਮਾਈਕ ਡੀ ਜੌਗ ਤੋਂ ਹਾਰਨ ਵਾਲੇ ਪਰੀਤ ਰਾਏ ਵੀ ਵਰਨਣਯੋਗ ਹਨ। ਅੰਤਮ ਨਤੀਜੇ 24 ਮਈ ਨੂੰ ਸਾਹਮਣੇ ਆਉਣਗੇ। ਬਰਨਾਬੇ-ਐਡਮੰਡਜ਼ ਹਲਕੇ ਤੋਂ ਐਨ.ਡੀ.ਪੀ. ਉਮੀਦਵਾਰ ਰਾਜ ਚੌਹਾਨ ਨੇ ਜਿੱਤ ਪ੍ਰਾਪਤ ਕੀਤੀ ਹੈ। ਚੌਹਾਨ ਨੇ 9613 ਵੋਟਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਨੇ ਲਿਬਰਲ ਪਾਰਟੀ ਦੇ ਉਮੀਦਵਾਰ ਗੈਰੀਸਨ ਡਿਊਕ ਨੂੰ ਕਰਾਰੀ ਹਾਰ ਦਿਤੀ ਹੈ। ਗੈਰੀਸਨ ਨੇ 5852 ਵੋਟਾਂ ਪ੍ਰਾਪਤ ਕੀਤੀਆਂ। ਡੈਲਟਾ ਨਾਰਥ ਤੋਂ ਐਨ.ਡੀ.ਪੀ. ਦੇ ਉਮੀਦਵਾਰ ਰਵੀ ਕਾਹਲੋਂ ਨੇ 10,658 ਵੋਟਾਂ ਪ੍ਰਾਪਤ ਕੀਤੀਆਂ ਅਤੇ ਉਨ੍ਹਾਂ ਨੇ ਲਿਬਰਲ ਪਾਰਟੀ ਦੇ ਉਮੀਦਵਾਰ ਸਕੋਟ ਹੈਮਿਲਟਨ ਨੂੰ ਹਰਾਇਆ ਜਿਨ੍ਹਾਂ ਨੇ 8817 ਵੋਟਾਂ ਪ੍ਰਾਪਤ ਕੀਤੀਆਂ। ਐਨ.ਡੀ.ਪੀ. ਦੇ ਉਮੀਦਵਾਰ ਜਗਰੂਪ ਬਰਾੜ ਨੇ 9,181 ਵੋਟਾਂ ਪ੍ਰਾਪਤ ਕੀਤੀਆਂ ਹਨ। ਰਚਨਾ ਸਿੰਘ ਸਰੀ ਗਰੀਨ ਟਿੰਬਰਸ ਨੇ 6827 ਵੋਟਾਂ ਪ੍ਰਾਪਤ ਕਰਕੇ ਸੀਟ ਐਨ.ਡੀ.ਪੀ. ਦੀ ਝੋਲੀ ਪਾਈਆਂ ਹਨ। ਚੋਣ ਮੈਦਾਨ ‘ਚ ਨਿੱਤਰੇ 25 ਪੰਜਾਬੀ ਉਮੀਦਵਾਰਾਂ ‘ਚ 16 ਪੁਰਸ਼ ਅਤੇ 9 ਔਰਤਾਂ ਨੇ ਵੀ ਆਪਣੀ ਕਿਸਮਤ ਅਜ਼ਮਾਈ। ਇਨ੍ਹਾਂ ਵਿਚੋਂ 5 ਪੁਰਸ਼ ਅਤੇ 2 ਔਰਤਾਂ ਹੀ ਜਿੱਤ ਪ੍ਰਾਪਤ ਕਰ ਸਕੇ। ਸਰੀ-ਪੈਨੋਰਮਾ ਹਲਕੇ ਤੋਂ ਐਨ. ਡੀ. ਪੀ. ਦੀ ਉਮੀਦਵਾਰ ਜਿੰਨੀ ਸਿਮਸ ਨੇ 10,910 ਵੋਟਾਂ ਪ੍ਰਾਪਤ ਕਰਕੇ ਜ਼ਬਰਦਸਤ ਜਿੱਤ ਪ੍ਰਾਪਤ ਕੀਤੀ ਹੈ। ਸਰੀ-ਨਿਊਟਨ ਤੋਂ ਐਨ.ਡੀ.ਪੀ. ਦੇ ਉਮੀਦਵਾਰ ਹੈਰੀ ਬੈਂਸ ਨੇ ਆਜ਼ਾਦ ਉਮੀਦਵਾਰ ਬਲਪ੍ਰੀਤ ਸਿੰਘ ਬਲ ਅਤੇ ਲਿਬਰਲ ਪਾਰਟੀ ਦੇ ਗੁਰਮਿੰਦਰ ਸਿੰਘ ਪਰਿਹਾਰ ਨੂੰ ਹਰਾਇਆ। ਹੈਰੀ ਬੈਂਸ ਨੇ 8823 ਵੋਟਾਂ ਪ੍ਰਾਪਤ ਕੀਤੀਆਂ ਜਦਕਿ ਪਰਿਹਾਰ ਨੂੰ 4603 ਵੋਟਾਂ ਅਤੇ ਬਲ ਨੂੰ ਸਿਰਫ਼ 881 ਵੋਟਾਂ ਹੀ ਮਿਲੀਆਂ। ਕਿਸੇ ਵੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਕੁੱਲ 87 ਸੀਟਾਂ ਵਿਚੋਂ 44 ਸੀਟਾਂ ਜਿੱਤਣੀਆਂ ਪੈਣੀਆਂ ਹਨ। ਕੁਝ ਸੀਟਾਂ ‘ਤੇ ਹਾਰ-ਜਿੱਤ ਵਿਚਾਲੇ ਫਰਕ ਕੁਝ ਦਰਜਨ ਵੋਟਾਂ ਦਾ ਰਿਹਾ, ਜਿਸ ਕਾਰਨ ਇਨ੍ਹਾਂ ਹਲਕਿਆਂ ਵਿੱਚ ਦੁਬਾਰਾ ਗਿਣਤੀ ਹੋਣੀ ਯਕੀਨੀ ਹੈ। ਇੱਕ ਸੀਟ ‘ਤੇ ਤਾਂ ਫਰਕ ਸਿਰਫ 9 ਵੋਟਾਂ ਦਾ ਰਿਹਾ। ਦੁਬਾਰਾ ਗਿਣਤੀ ਤੋਂ ਬਾਅਦ ਪਤਾ ਲੱਗੇਗਾ ਕਿ ਕਿਹੜੀ ਪਾਰਟੀ ਬਹੁਮਤ ਲਿਜਾਂਦੀ ਹੈ ਜਾਂ ਬੀ. ਸੀ. ਗਰੀਨ ਪਾਰਟੀ ਨਾਲ ਮਿਲ ਕੇ ਦੋਵਾਂ ਪ੍ਰਮੁੱਖ ਪਾਰਟੀਆਂ ‘ਚੋਂ ਇੱਕ ਘੱਟ-ਗਿਣਤੀ ਸਰਕਾਰ ਬਣਾਉਂਦੀ ਹੈ। ਇਨ੍ਹਾਂ ਚੋਣਾਂ ‘ਚ ਤਿੰਨਾਂ ਪਾਰਟੀਆਂ ਦੇ ਲੀਡਰ ਕ੍ਰਿਸਟੀ ਕਲਾਰਕ (ਲਿਬਰਲ), ਜੌਹਨ ਹੈਰੇਗਨ (ਐਨ. ਡੀ. ਪੀ.) ਤੇ ਐਂਡਰਿਊ ਵੀਵਰ (ਬੀ. ਸੀ. ਗਰੀਨ ਪਾਰਟੀ) ਆਪੋ-ਆਪਣੀ ਸੀਟ ਜਿੱਤ ਗਏ। ਪੰਜਾਬੀਆਂ ਦੇ ਗੜ੍ਹ ਸਰੀ ਸ਼ਹਿਰ ਵਿੱਚ ਮੁੱਖ ਵਿਰੋਧੀ ਧਿਰ ਐਨ. ਡੀ. ਪੀ. ਦੀ ਲਹਿਰ ਬਣ ਗਈ ਜਦਕਿ ਐਬਟਸਫੋਰਡ ਅਤੇ ਰਿਚਮੰਡ ਦੇ ਪੰਜਾਬੀ ਵਸੋਂ ਵਾਲੇ ਹਲਕਿਆਂ ‘ਚ ਸੱਤਾਧਾਰੀ ਲਿਬਰਲ ਪਾਰਟੀ ਜੇਤੂ ਰਹੀ। ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਆਖਿਆ ਕਿ ਉਹ ਅਗਲੀ ਸਰਕਾਰ ਦੀ ਅਗਵਾਈ ਕਰਨਾ ਚਾਹੁੰਦੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਨਤੀਜਿਆਂ ਤੋਂ ਨਵੀਂ ਗੱਲਬਾਤ ਸ਼ੁਰੂ ਕਰਨ ਦਾ ਮੌਕਾ ਮਿਲਿਆ ਹੈ। ਸਾਨੂੰ ਇਹ ਪਤਾ ਲੱਗਦਾ ਹੈ ਕਿ ਕੰਮ ਕਿਸ ਤਰ੍ਹਾਂ ਕਰਨੇ ਚਾਹੀਦੇ ਹਨ, ਸਾਨੂੰ ਹੋਰ ਕੀ ਕਰਨਾ ਚਾਹੀਦਾ ਹੈ। ਇਹ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਕਲਾਰਕ ਗਰੀਨ ਪਾਰਟੀ ਦੀ ਮਦਦ ਨਾਲ ਘੱਟਗਿਣਤੀ ਸਰਕਾਰ ਕਾਇਮ ਕਰੇਗੀ।