ਕੈਲਗਰੀ: ਕੈਨੇਡਾ ਭਰ ‘ਚ ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਕਾਰਨ ਮਰਨ ਵਾਲੇ ਲੋਕਾਂ ਦਾ ਸੰਕਟ ਵੱਧਦਾ ਜਾ ਰਿਹਾ ਹੈ। ਇਸ ਸੰਕਟ ਨੇ ਸਭ ਤੋਂ ਜ਼ਿਆਦਾ ਬ੍ਰਿਟਿਸ਼ ਕੋਲੰਬੀਆ ਨੂੰ ਪ੍ਰਭਾਵਿਤ ਕੀਤਾ ਹੈ। ਰਿਪੋਰਟ ਵਿਚ ਖ਼ੁਲਾਸਾ ਕੀਤਾ ਹੈ ਕਿ ਇਸੇ ਸੰਕਟ ਦੇ ਚੱਲਦਿਆਂ ਬੀਸੀ ‘ਚ ਸਾਲ ੨੦੧੬ ‘ਚ ਪਬਲਿਕ ਹੈਲਥ ਐਮਰਜੈਂਸੀ ਲਗਾਈ ਗਈ ਸੀ ਜਿਹੜੀ ਸਾਲ ੨੦੧੭ ਦੇ ਅੰਤ ਤਕ ਜਾਰੀ ਰਹੀ ਸੀ। ਉਸ ਸਮੇਂ ਤਕ ਬੀਸੀ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ ੨,੧੭੭ ਵਿਅਕਤੀਆਂ ਦੀ ਜਾਨ ਚਲੀ ਗਈ ਸੀ। ਯੂਬੀਸੀ ‘ਚ ਪੋਸਟ ਡੌਕਟੋਰਲ ਸਟੱਡੀ ਕਰਨ ਵਾਲੇ ਮਾਈਕ ਇਰਵਿਨ ਨੇ ਇਹ ਰਿਸਰਚ ਰਿਪੋਰਟ ਤਿਆਰ ਕੀਤੀ ਹੈ। ਸਾਲ ੨੦੧੭ ਵਿਚ ਹੀ ੬੦ ਹਜ਼ਾਰ ਨੈਲੌਕਸੋਨ ਕਿਟਸ ਵੰਡੀਆਂ ਗਈਆਂ ਸਨ ਜਿਹੜਾ ਸੰਕੇਤ ਕਰਦਾ ਹੈ ਕਿ ਇਹ ਸੰਕਟ ਕਿੰਨਾ ਫੈਲ ਚੁੱਕਾ ਹੈ। ਅਪ੍ਰਰੈਲ ੨੦੧੬ ਤੋਂ ਦਸੰਬਰ ੨੦੧੭ ਦਰਮਿਆਨ ੧,੫੮੦ ਜਾਨਾਂ ਨੈਲੌਕਸੋਨ ਕਿਟਸ ਦੀ ਮਦਦ ਨਾਲ ਬਚਾਈਆਂ ਗਈਆਂ, ੨੩੦ ਜਾਨਾਂ ਸੁਪਰਵਾਈਜ਼ਡ ਸੇਫ ਇੰਜੈਕਸ਼ਨ ਸਾਈਟਸ ਨਾਲ ਬਚਾਈਆਂ ਜਾ ਸਕੀਆਂ ਅਤੇ ੨੨,੧੯੧ ਵਿਅਕਤੀਆਂ ਨੂੰ ਟ੍ਰੀਟਮੈਂਟ ਦਿੱਤਾ ਗਿਆ ਤਾਂਕਿ ਉਹ ਨਸ਼ੇ ਦੀ ਲਤ ਤੋਂ ਬਾਹਰ ਨਿਕਲ ਸਕਣ।