ਨਾਰਾਜ਼ ਮਾਇਆਵਤੀ ਨੇ ਕਈ ਪਾਰਟੀ ਅਹੁਦੇਦਾਰ ਹਟਾਏ

0
2630

ਲਖ਼ਨਊ: ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਛੇ ਰਾਜਾਂ ਵਿਚ ਪਾਰਟੀ ਦੇ ਚੋਣ ਕੋਆਰਡੀਨੇਟਰ ਤੇ ਦੋ ਰਾਜਾਂ ਦੇ ਪ੍ਰਧਾਨਾਂ ਨੂੰ ਹਟਾ ਦਿੱਤਾ ਹੈ। ਇਹ ਕਾਰਵਾਈ ਲੋਕ ਸਭਾ ਚੋਣਾਂ ਵਿਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਅਮਲ ’ਚ ਲਿਆਂਦੀ ਗਈ ਹੈ। ਬਸਪਾ ਮੁਖੀ ਨੇ ਉਤਰਾਖੰਡ, ਬਿਹਾਰ, ਝਾਰਖੰਡ, ਰਾਜਸਥਾਨ, ਗੁਜਰਾਤ ਤੇ ਉੜੀਸਾ ਵਿਚ ਕੋਆਰਡੀਨੇਟਰ ਹਟਾ ਦਿੱਤੇ ਹਨ। ਦਿੱਲੀ ਤੇ ਮੱਧ ਪ੍ਰਦੇਸ਼ ਦੇ ਸੂਬਾਈ ਮੁਖੀਆਂ ਨੂੰ ਵੀ ਹਟਾ ਦਿੱਤਾ ਗਿਆ ਹੈ। ਨਾਰਾਜ਼ ਬਸਪਾ ਮੁਖੀ ਨੇ ਦਿੱਲੀ ਵਿਚ ਮੱਧ ਪ੍ਰਦੇਸ਼, ਬਿਹਾਰ, ਝਾਰਖੰਡ, ਛੱਤੀਸਗੜ੍ਹ, ਰਾਜਸਥਾਨ, ਗੁਜਰਾਤ, ਉੜੀਸਾ ਤੇ ਉੱਤਰ ਪ੍ਰਦੇਸ਼ ਦੇ ਪਾਰਟੀ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਹੈ। ਯੂਪੀ ਦੇ ਅਹੁਦੇਦਾਰਾਂ ਨਾਲ ਵੱਖ ਤੋਂ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਬਾਰੇ ਵੱਖ-ਵੱਖ ਆਗੂਆਂ ਦੇ ਪੱਖ ਸੁਣੇ। ਮਾਇਆਵਤੀ ਇਨ੍ਹੀਂ ਦਿਨੀ ਦਿੱਲੀ ਵਿਚ ਹਨ ਤੇ ਪਾਰਟੀ ਦੀ ਖ਼ਰਾਬ ਕਾਰਗੁਜ਼ਾਰੀ ਦਾ ਕੋਈ ਠੋਸ ਕਾਰਨ ਨਾ ਸਾਹਮਣੇ ਆਉਣ ਤੋਂ ਖਫ਼ਾ ਹਨ। ਯੂਪੀ ਵਿਚ ਸਪਾ ਤੇ ਰਾਸ਼ਟਰੀ ਲੋਕ ਦਲ ਨਾਲ ਗੱਠਜੋੜ ਕਰ ਕੇ ਬਸਪਾ 10 ਹੀ ਸੀਟਾਂ ਜਿੱਤ ਸਕੀ ਹੈ। ਸੂਤਰਾਂ ਮੁਤਾਬਕ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਹੋਰ ਤਬਦੀਲੀਆਂ ਕੀਤੇ ਜਾਣ ਦੀ ਪੂਰੀ ਸੰਭਾਵਨਾ ਹੈ।