ਦਿੱਲੀ ਵਿੱਚ ਮਾਸਕ ਨਾ ਪਾਉਣ ’ਤੇ ਲੱਗੇਗਾ 2000 ਰੁਪਏ ਦਾ ਜੁਰਮਾਨਾ

0
1386

ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਨਤਕ ਥਾਵਾਂ ’ਤੇ ਮਾਸਕ ਨਾ ਪਾਉਣ ਦੇ ਜੁਰਮਾਨੇ ਨੂੰ 500 ਰੁਪਏ ਤੋਂ ਵਧਾ ਕੇ 2000 ਰੁਪਏ ਕਰ ਦਿੱਤਾ ਹੈ। ਕੇਜਰੀਵਾਲ ਨੇ ਕਿਹਾ, ‘ਮੈਂ ਸਾਰੀਆਂ ਧਾਰਮਿਕ, ਸਮਾਜਿਕ, ਰਾਜਨੀਤਕ ਪਾਰਟੀਆਂ ਤੇ ਸੰਗਠਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸੜਕਾਂ ’ਤੇ ਲੋਕਾਂ ਨੂੰ ਮਾਸਕ ਵੰਡਣ। ਜੇ ਮਾਸਕ ਪਹਿਨਦੇ ਹੋ ਤਾਂ ਕਰੋਨਾਵਾਇਰਸ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ। ਇਸ ਵੇਲੇ ਕਰੋਨਾਵਾਇਰਸ ਦੇ ਕੇਸਾਂ ਨੂੰ ਘੱਟ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ।’ ਮੁੱਖ ਮੰਤਰੀ ਨੇ ਕਿਹਾ ਕਿ ਛੱਪੜ, ਝੀਲਾਂ ਤੇ ਨਦੀਆਂ ਜਿਹੀਆਂ ਜਨਤਕ ਥਾਵਾਂ ’ਤੇ ਛੱਠ ਪੂਜਾ ਮਨਾਉਣ ਦੀ ਮੁਕੰਮਲ ਪਾਬੰਦੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਾਲ ਤਿਉਹਾਰ ਘਰ ਵਿੱਚ ਮਨਾਉਣ।

ਮੁੱਖ ਮੰਤਰੀ ਨੇ ਅੱਜ ਪਹਿਲਾਂ ਦਿੱਲੀ ਵਿਚ ਕੋਵਿਡ ਸਥਿਤੀ ਦੀ ਸਮੀਖਿਆ ਕਰਨ ਲਈ ਸਰਬ ਪਾਰਟੀ ਬੈਠਕ ਵੀ ਕੀਤੀ ਸੀ। ਊਨ੍ਹਾਂ ਕਿਹਾ ਕਿ ਇਹ ਰਾਜਨੀਤੀ ਦਾ ਸਮਾਂ ਨਹੀਂ ਹੈ। ਉਨ੍ਹਾਂ ਕਿਹਾ, ‘ਮੈਂ ਮੀਟਿੰਗ ਵਿਚ ਸਾਰੀਆਂ ਧਿਰਾਂ ਨੂੰ ਕਿਹਾ ਕਿ ਦਿੱਲੀ ਦੇ ਲੋਕਾਂ ਲਈ ਇਹ ਮੁਸ਼ਕਲ ਸਮਾਂ ਹੈ ਜਦੋਂ ਕਰੋਨਾਵਾਇਰਸ ਦੇ ਕੇਸ ਵੱਧ ਰਹੇ ਹਨ। ਇਹ ਰਾਜਨੀਤੀ ਕਰਨ ਦਾ ਸਮਾਂ ਨਹੀਂ ਹੈ। ਸਾਨੂੰ ਰਾਜਨੀਤੀ ਤੇ ਦੋਸ਼ਾਂ ਨੂੰ ਕੁਝ ਦਿਨਾਂ ਲਈ ਵੱਖ ਕਰਨਾ ਚਾਹੀਦਾ ਹੈ। ਇਹ ਸਮਾਂ ਲੋਕਾਂ ਦੀ ਸੇਵਾ ਕਰਨ ਦਾ ਹੈ। ਸਾਰੀਆਂ ਧਿਰਾਂ ਇਸ ਗੱਲੋਂ ਸਹਿਮਤ ਸਨ ਕਿ ਅਸੀਂ ਸਾਰੇ ਇੱਕ ਹੋ ਕੇ ਦਿੱਲੀ ਦੇ ਲੋਕਾਂ ਦੀ ਸੇਵਾ ਕਰੀਏ।’