ਦਿੱਲੀ ’ਚ ‘ਆਪ’ ਦੀ ਹਾਰ ਬਣੀ ਪੰਜਾਬ ਲਈ ਖਤਰੇ ਦੀ ਘੰਟੀ

0
98

ਚੰਡੀਗੜ੍ਹ: ਦਿੱਲੀ ਵਿਧਾਨ ਸਭਾ ਚੋਣਾਂ ‘ਚ ਆਮ ਆਦਮੀ ਪਾਰਟੀ ਦੀ ਹਾਰ ਪੰਜਾਬ ਲਈ ਚਿਤਾਵਨੀ ਹੈ। ਅਜਿਹਾ ਮੰਨਣਾ ਹੈ ਪੰਜਾਬ ਦੇ ਸੀਨੀਅਰ ਮੰਤਰੀਆਂ ਦਾ। ਪਾਰਟੀ ਦੇ ਆਗੂ ਇਹ ਮਹਿਸੂਸ ਕਰ ਰਹੇ ਹਨ ਕਿ ਪਾਰਟੀ ਦਿੱਗਜਾਂ ਦੀ ਹਾਰ ਉਨ੍ਹਾਂ ਲਈ ਚੰਗੀ ਨਹੀਂ ਹੈ। ਆਉਣ ਵਾਲੇ ਦਿਨਾਂ ‘ਚ ਉਹ ਵੱਡੇ ਪੱਧਰ ‘ਤੇ ਤਬਦੀਲੀ ਦੀ ਉਮੀਦ ਕਰ ਰਹੇ ਹਨ। ਇਹ ਤਬਦੀਲੀ ਪ੍ਰਸ਼ਾਸਨਿਕ ਹੋਵੇਗੀ ਜਾਂ ਸਿਆਸੀ, ਸਭ ਤੋਂ ਵੱਡਾ ਸਵਾਲ ਇਹ ਹੈ। ਪਾਰਟੀ ਦੇ ਇਨ੍ਹਾਂ ਆਗੂਆਂ ਦਾ ਮੰਨਣਾ ਹੈ ਕਿ ਸਰਕਾਰ ‘ਚ ਨਵੇਂ ਸਿਰੇ ਤੋਂ ਫ਼ੈਸਲੇ ਲੈਣੇ ਪੈਣਗੇ ਚਿੰਤਾ ਹੈ ਕਿਉਂਕਿ ਪਾਰਟੀ ਨੂੰ ਇਸ ਗੱਲ ਦੀ ਕਿ ਦਿੱਲੀ ‘ਚ ਪੰਜਾਬੀਆਂ ਦੀ ਬਹੁਗਿਣਤੀ ਵਾਲੀਆਂ ਸੀਟਾਂ ’ਤੇ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਮਿਲੀ ਹੈ ਜਦਕਿ ਪਿਛਲੀਆਂ ਚੋਣਾਂ ‘ਚ ਇਹੀ ਪਾਰਟੀ ਦਾ ਮਜ਼ਬੂਤ ਗੜ੍ਹ ਸਨ। ਪਾਟਰੀ ਦੇ ਉਨ੍ਹਾਂ ਸੀਨੀਅਰ ਵਿਧਾਇਕਾਂ, ਜਿਨ੍ਹਾਂ ਦੀ ਡਿਊਟੀ ਪੰਜਾਬੀ ਬਹੁਗਿਣਤੀ ਵਾਲੀਆਂ ਸੀਟਾਂ ’ਤੇ ਲਾਈ ਗਈ ਸੀ, ਨੇ ਦੱਸਿਆ ਕਿ ਉਨ੍ਹਾਂ ਨੇ ਇਨ੍ਹਾਂ ਸੀਟਾਂ ਦੀਆਂ ਕਈ ਗੁਰਦੁਆਰਾ ਕਮੇਟੀਆਂ ਨਾਲ ਗੱਲ ਕੀਤੀ ਤੇ ਸਾਰਿਆਂ ਨੇ ਕਿਹਾ ਸੀ ਕਿ ਇਸ ਵਾਰ ਉਹ ‘ਆਪ’ ਦੇ ਪੱਖ ‘ਚ ਵੋਟ ਨਹੀਂ ਦੇਣਗੇ। ਕਾਰਨਾਂ ਬਾਰੇ ਉਨ੍ਹਾਂ ਦੱਸਿਆ ਕਿ ਸ਼ੁਰੂਆਤ ‘ਚ ਪਾਰਟੀ ਨੂੰ ਪੂਰੇ ਪੰਜਾਬੀ ਤੇ ਸਿੱਖ ਸਮਾਜ ਨੇ ਵੋਟਾਂ ਦਿੱਤੀਆਂ ਤੇ ਡਟ ਕੇ ਮਦਦ ਵੀ ਕੀਤੀ ਪਰ ਦੋਵੇਂ ਕਾਰਜਕਾਲ ‘ਚ ਇਕ ਵੀ ਸਿੱਖ ਨੂੰ ਮੰਤਰੀ ਨਹੀਂ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਉੱਥੇ ਵੀ ਭਾਜਪਾ ਨੂੰ ਸਿੱਖ ਪਸੰਦ ਨਹੀਂ ਕਰਦੇ। ਪੰਜਾਬ ‘ਚ ਭਾਜਪਾ ਨੂੰ ਮਿਲਣ ਵਾਲੀ ਵੋਟ ਇਸ ਦੀ ਮਿਸਾਲ ਹੈ ਪਰ ਇਸ ਦੇ ਬਾਵਜੂਦ ਪਾਰਟੀ ਨੇ ਹਰਦੀਪ ਪੁਰੀ ਤੇ ਰਵਨੀਤ ਬਿੱਟੂ ਨੂੰ ਕੇਂਦਰ ‘ਚ ਮੰਤਰੀ ਅਹੁਦੇ ਦੇ ਰੱਖੇ ਹਨ।
ਉਨ੍ਹਾਂ ਦੱਸਿਆ ਸੀ ਕਿ ਇਹ ਇਕ ਥਾਂ ’ਤੇ ਨਹੀਂ ਹੋਇਆ, ਕਈ ਸੀਟਾਂ ‘ਤੇ ਅਜਿਹਾ ਸੁਨਣ ਨੂੰ ਮਿਿਲਆ ਜਿਸ ਨਾਲ ਸਾਨੂੰ ਅੰਦਾਜ਼ਾ ਹੋ ਗਿਆ ਸੀ ਕਿ ਇਸ ਵਾਰ ਸਿੱਖਾਂ ਤੇ ਪੰਜਾਬੀਆਂ ਦੀ ਵੋਟ ਸਾਨੂੰ ਨਹੀਂ ਮਿਲੇਗੀ। ਵਿਧਾਇਕਾਂ ਨੇ ਇਸ ਗੱਲ ’ਤੇ ਉਮੀਦ ਜ਼ਾਹਰ ਕੀਤੀ ਕਿ ਤਿੰਨ ਸੀਨੀਅਰ ਸਿੱਖ ਆਗੂ ਭਾਜਪਾ ਦੀਆਂ ਟਿਕਟਾਂ ’ਤੇ ਜਿੱਤੇ ਹਨ ਜਿਨ੍ਹਾਂ ‘ਚ ਮਨਜਿੰਦਰ ਸਿੰਘ ਸਿਰਸਾ, ਤਰਵਿੰਦਰ ਸਿੰਘ ਮਰਵਾਹਾ ਤੇ ਅਰਵਿੰਦਰ ਸਿੰਘ ਲਵਲੀ ਹਨ। ਇਨ੍ਹਾਂ ‘ਚੋਂ ਕਿਸੇ ਇਕ ਨੂੰ ਭਾਜਪਾ ਯਕੀਨੀ ਤੌਰ ’ਤੇ ਮੰਤਰੀ ਅਹੁਦੇ ਨਾਲ ਨਵਾਜੇਗੀ। ਉਨ੍ਹਾਂ ਨੇ ਦੱਸਿਆ ਕਿ ਕਈ ਗੁਰਦੁਆਰਾ ਕਮੇਟੀਆਂ ਨੇ ਦਵਿੰਦਰਪਾਲ ਸਿੰਘ ਭੁੱਲਰ ਦਾ ਮਾਮਲਾ ਵੀ ਚੁੱਕਿਆ ਜਿਸ ‘ਤੇ ਆਪ ਦੀ ਸਰਕਾਰ ਨੇ ਫ਼ੈਸਲਾ ਲੈਣਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ। ਇਹ ਵੀ ਉਨ੍ਹਾਂ ਦੀ ਨਾਰਾਜ਼ਗੀ ਕਾਰਨ ਬਣਿਆ। ਉਨ੍ਹਾਂ ਨੇ ਦੱਸਿਆ ਕਿ ਅਸੀਂ ਔਰਤਾਂ ਨੂੰ 2100 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਜਦ ਵੀ ਅਸੀਂ ਇਸ ਵਾਅਦੇ ਦਾ ਪ੍ਰਚਾਰ ਕਰਦੇ ਤਾਂ ਲੋਕ ਕਹਿੰਦੇ ਕਿ ਪੰਜਾਬ *ਚ ਤਾਂ ਆਪ ਦੀ ਸਰਕਾਰ ਹੈ ਪਰ ਉਥੇ ਤਾਂ 1000 ਰੁਪਏ ਦੇਣ ਦਾ ਵਾਅਦਾ ਵੀ ਪੂਰਾ ਨਹੀਂ ਕੀਤਾ
ਗਿਆ।
ਸਰਕਾਰ ਲਈ ਵਾਅਦੇ ਪੂਰੇ ਕਰਨੇ ਟੇਢੀ ਖ਼ੀਰ: ਬਿਊਰੋਕ੍ਰੇਸੀ ਨੇ ਵੀ ਆਪ ਦੀ ਜਿੱਤ ਤੇ ਹਾਰ ’ਤੇ ਨਜ਼ਰਾਂ ਲਾਈਆਂ ਹੋਈਆਂ ਸਨ। ਨੌਕਰਸ਼ਾਹਾਂ ਨੂੰ ਲੱਗ ਰਿਹਾ ਹੈ ਕਿ ਦਿੱਲੀ ‘ਚ ਆਪ ਪਾਰਟੀ ਤੋਂ ਵੱਡੇ ਦਿੱਗਜ ਆਗੂ ਹਾਰ ਗਏ ਹਨ, ਇਸ ਕਾਰਨ ਉਹ ਪੰਜਾਬ ਹੀ ਆਉਣਗੇ। ਉਹ ਇੱਥੇ ਆ ਕੇ ਵੱਡੇ ਪੱਧਰ ‘ਤੇ ਫੇਰਬਦਲ ਕਰਨਗੇ ਤੇ ਉਮੀਦ ਕਰਨਗੇ ਕਿ ਜਿਨ੍ਹਾਂ ਕੰਮਾਂ ਦਾ ਅਸੀਂ ਵਾਅਦਾ ਕੀਤਾ ਹੈ, ਉਹ ਪੂਰੇ ਹੋਣ ਪਰ ਪੈਸੇ ਤੋਂ ਬਿਨਾਂ ਇਨ੍ਹਾਂ ਕੰਮਾਂ ਨੂੰ ਪੂਰਾ ਕਰਨਾ ਟੇਢੀ ਖੀਰ ਹੈ।