ਦਰਬਾਰ ਸਾਹਿਬ ਦੇ ਸੇਵਾਦਾਰਾਂ ਨੂੰ ਮਿਲੇ ਵਾਕੀ-ਟਾਕੀ ਸੈੱਟ

0
1023

ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਪ੍ਰਬੰਧਕਾਂ ਨੇ ਹੁਣ ਗੁਰੂ ਘਰ ਦੇ ਸਾਰੇ ਦਾਖ਼ਲਾ ਰਸਤਿਆਂ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਵਾਕੀ ਟਾਕੀ ਨਾਲ ਲੈਸ ਕਰ ਦਿੱਤਾ ਹੈ। ਮੁਲਾਜ਼ਮ ਹਰ ਵੇਲੇ ਸੀਸੀਟੀਵੀ ਕੰਟਰੋਲ ਰੂਮ ਅਤੇ ਪ੍ਰਬੰਧਕਾਂ ਨਾਲ ਸਿੱਧੇ ਜੁੜੇ ਰਹਿਣਗੇ। ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਦੱਸਿਆ ਕਿ ਫਿਲਹਾਲ ਲਗਪਗ ਇਕ ਦਰਜਨ ਵਾਕੀ ਟਾਕੀ ਸੈੱਟ ਮੁਲਾਜ਼ਮਾਂ ਨੂੰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਸ੍ਰੀ ਦਰਬਾਰ ਸਾਹਿਬ ਦੇ ਪ੍ਰਵੇਸ਼ ਦੁਆਰ ’ਤੇ ਪਰਿਕਰਮਾ ਅਤੇ ਸੱਚਖੰਡ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਵਾਕੀ ਟਾਕੀ ਸੈੱਟ ਦਿੱਤੇ ਗਏ ਹਨ। ਮੈਨੇਜਰ ਨੇ ਕਿਹਾ ਕਿ ਇਸ ਦਾ ਮੁੱਖ ਮੰਤਵ ਦਰਬਾਰ ਸਾਹਿਬ ਦੀ ਮੁੱਖ ਇਮਾਰਤ, ਪਰਿਕਰਮਾ ਅਤੇ ਪ੍ਰਵੇਸ਼ ਦੁਆਰ ’ਤੇ ਤਇਨਾਤ ਮੁਲਾਜ਼ਮਾਂ ਵਿੱਚ ਆਪਸੀ ਤਾਲਮੇਲ ਰੱਖਣਾ ਹੈ। ਇਸ ਨਾਲ ਮੁਲਾਜ਼ਮਾਂ ਨੂੰ ਕਿਸੇ ਘਟਨਾ ਦੀ ਸੂਚਨਾ ਮਿਲ ਸਕੇਗੀ ਅਤੇ ਤੁਰੰਤ ਕਾਰਵਾਈ ਵੀ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਦਾ ਇਕ ਕੰਟਰੋਲ ਰੂਮ ਵੀ ਬਣਾਇਆ ਗਿਆ ਹੈ, ਜੋ ਵਾਕੀ ਟਾਕੀ ਸੈੱਟ ਵਾਲੇ ਮੁਲਾਜ਼ਮਾਂ ਨਾਲ ਹਰ ਵੇਲੇ ਸੰਪਰਕ ਵਿਚ ਰਹੇਗਾ। ਸੀਸੀਟੀਵੀ ਕੈਮਰਿਆਂ ਰਾਹੀਂ ਕੀਤੀ ਜਾ ਰਹੀ ਨਿਗਰਾਨੀ ਤਹਿਤ ਜੇਕਰ ਕੋਈ ਘਟਨਾ ਸਾਹਮਣੇ ਆਉਂਦੀ ਹੈ ਤਾਂ ਕੰਟਰੋਲ ਰੂਮ ਰਾਹੀਂ ਮੁਲਾਜ਼ਮਾਂ ਨੂੰ ਤੁਰੰਤ ਚੌਕਸ ਕੀਤਾ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਦਰਬਾਰ ਸਾਹਿਬ ਸਮੂਹ ਵਿੱਚ ਲਗਪਗ 16 ਬੋਰਡ ਲਾਏ ਗਏ ਹਨ, ਜਿਨ੍ਹਾਂ ’ਤੇ ਤੰਬਾਕੂ ਆਦਿ ਦੀ ਵਰਤੋਂ ਉਤੇ ਰੋਕ ਸਣੇ ਹੋਰ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕੈਂਪਸ ਵਿੱਚ ਸੂਚਨਾ ਨੂੰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਲਗਾਤਾਰ ਬੋਲ ਕੇ ਸ਼ਰਧਾਲੂਆਂ ਨੂੰ ਦੱਸਿਆ ਜਾ ਰਿਹਾ ਹੈ।