ਟਰੂਡੋ ਸਰਕਾਰ ਨੇ ਅਲਬਰਟਾ ਟਰਾਂਸ-ਮਾਊਨਟੇਨ ਪਾਈਪਲਾਈਨ ਪ੍ਰੌਜੈਕਟ ਨੂੰ ਹਰੀ ਝੰਡੀ ਦਿੱਤੀ

0
2552

ਐਡਮਿੰਟਨ: ਫੈਡਰਲ ਸਰਕਾਰ ਵੱਲੋਂ ਅਲਬਰਟਾ ਦੀ ਆਰਥਿਕਤਾ ਲਈ ਬਹੁਤ ਹੀ ਮਹੱਤਵਪੂਰਨ ਟਰਾਂਸ ਮਾਊਨਟੇਨ ਪਾਈਪਲਾਈਨ ਪ੍ਰਾਜੈਕਟ ਦੀ ਉਸਾਰੀ ਨੂੰ ਸ਼ੁਰੂ ਕਰਨ ਦਾ ਹੁਕਮ ਦੇ ਦਿਤਾ ਹੈ। ਜਿਸ ਨਾਲ ਲੱਖਾਂ ਬੈਰਲ ਕੱਚਾ ਤੇਲ ਰੋਜ਼ਾਨਾ ਅਲਬਰਟਾ ਤੋਂ ਬ੍ਰਿਟਿਸ਼ ਕੋਲੰਬੀਆ ਦੇ ਸਮੁੰਦਰੀ ਕੰਢਿਆਂ ਤੱਕ ਪਹੁੰਚਾਇਆ ਜਾ ਸਕੇਗਾ। ਦੂਜੇ ਪਾਸੇ ਪਾਈਪਲਾਈਨ ਦਾ ਵਿਰੋਧ ਕਰਦਿਆਂ ਕੈਨੇਡੀਅਨ ਮੂਲ ਦੇ ਲੋਕਾਂ ਨੇ ਫ਼ੈਸਲੇ ਨੂੰ ਅਦਾਲਤ ‘ਚ ਚੁਣੌਤੀ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਹੇਠ ਹੋਈ ਕੈਬਨਿਟ ਮੀਟਿੰਗ ਦੌਰਾਨ ੭.੪ ਅਰਬ ਡਾਲਰ ਲਾਗਤ ਵਾਲੇ ਟ੍ਰਰਾਂਸ ਮਾਊਨਟੇਨ ਪ੍ਰਾਜੈਕਟ ਨੂੰ ਪ੍ਰਵਾਨਗੀ ਦਿੱਤੀ ਗਈ, ਜਿਸ ਦੀ ਉਸਾਰੀ ਦਾ ਕੰਮ ਇਸੇ ਸਾਲ ਸ਼ੁਰੂ ਕਰਨ ਦਾ ਟੀਚਾ ਮਿੱਥਿਆ ਹੈ। ਫੈਡਰਲ ਸਰਕਾਰ ਨੇ ਬੇਸ਼ੱਕ ਨੈਸ਼ਨਲ ਐਨਰਜੀ ਬੋਰਡ ਵੱਲੋਂ ਕੱਢੇ ਸਿੱਟੇ ਨੂੰ ਪ੍ਰਵਾਨ ਕੀਤਾ ਕਿ ਪਾਈਪਲਾਈਨ ਵਿਛਾਏ ਜਾਣ ਨਾਲ ਵਾਤਾਵਰਣ ਅਤੇ ਜਲ ਜੀਵਾਂ ਨੂੰ ਨੁਕਸਾਨ ਪਹੁੰਚੇਗਾ। ਪਰ ਉਥੇ ਹੀ ਕੌਮੀ ਹਿਤਾਂ ਨੂੰ ਉਪਰ ਰਖਦਿਆਂ ਸਰਕਾਰ ਨੇ ਆਖਿਆ ਕਿ ਪ੍ਰਾਜੈਕਟ ਰਾਹੀਂ ਅਰਬਾਂ ਡਾਲਰ ਦੀ ਕਮਾਈ ਹੋਵੇਗੀ ਅਤੇ ਹਜ਼ਾਰਾਂ ਨੌਕਰੀਆਂ ਦੀ ਸਿਰਜਣਾ ਕੀਤੀ ਜਾ ਸਕੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਸਾਨੂੰ ਆਪਣੇ ਆਰਥਿਕ ਸੋਮਿਆਂ ਨੂੰ ਵਿਕਸਤ ਕਰਨਾ ਹੋਵੇਗਾ ਤਾਂ ਜੋ ਭਵਿੱਖ ਦੀ ਖ਼ੁਸ਼ਹਾਲੀ ਯਕੀਨੀ ਬਣਾਈ ਜਾ ਸਕੇ।