ਟੋਰਾਂਟੋ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਸੁਰਖੀਆਂ ‘ਚ ਹੈ। ਉਨ੍ਹਾਂ ਦੇ ਸਵਾਗਤ ਲਈ ਭਾਰਤ ਸਰਕਾਰ ਪੱਬਾਂ ਭਾਰ ਹੈ। ਟਰੂਡੋ ਫਰਵਰੀ 17 ਤੋਂ ਫਰਵਰੀ 23 ਤਕ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ‘ਤੇ ਭਾਰਤ ਆ ਰਹੇ ਹਨ। ਇਸ ਫੇਰੀ ਦੌਰਾਨ ਟਰੂਡੋ ਸ੍ਰੀ ਹਰਿਮੰਦਰ ਸਾਹਿਬ ਵੀ ਨਤਮਸਤਕ ਹੋਣ ਲਈ ਪੁੱਜਣਗੇ, ਜਿਸ ਸੰਬੰਧੀ ਪਹਿਲਾਂ ਤੋਂ ਹੀ ਖਬਰਾਂ ਆ ਰਹੀਆਂ ਹਨ।
ਤਾਜਾ ਜਾਣਕਾਰੀ ਮੁਤਾਬਕ ਟਰੂਡੋ ਫਰਵਰੀ 21 ਨੂੰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ। ਉਹ ਆਗਰਾ, ਅਹਿਮਦਾਬਾਦ ਅਤੇ ਮੁੰਬਈ ਤੋਂ ਹੁੰਦੇ ਹੋਏ ਅੰਮ੍ਰਿਤਸਰ ਜਾਣਗੇ। ਸ਼੍ਰੋਮਣੀ ਗੁਰਦੁਆਰਾ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਜਾਵੇਗਾ। ਟਰੂਡੋ ਨਾਲ 6 ਮੈਂਬਰੀ ਵਫਦ ਆਵੇਗੀ, ਜਿਨ੍ਹਾਂ ‘ਚੋਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਅਤੇ ਬੁਨਿਆਦੀ ਢਾਂਚਾ ਅਤੇ ਭਾਈਚਾਰਾ ਮੰਤਰੀ ਅਮਰਜੀਤ ਸੋਹੀ ਵੀ ਉਨ੍ਹਾਂ ਦੇ ਨਾਲ ਆਉਣਗੇ।
ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਕਰਨ ਲਈ ਟਰੂਡੋ ਭਾਰਤ ਆ ਰਹੇ ਹਨ। ਟਰੂਡੋ ਨੇ ਇਸ ਤੋਂ ਪਹਿਲਾਂ ਦੱਸਿਆ ਸੀ ਕਿ ਕੈਨੇਡਾ ਅਤੇ ਭਾਰਤ ‘ਚ ਬਹੁਤ ਸਾਰੀਆਂ ਸਮਾਨਤਾਵਾਂ ਹਨ । ਉਨ੍ਹਾਂ ਕਿਹਾ ਕਿ ਇਸ ਫੇਰੀ ਨਾਲ ਉਨ੍ਹਾਂ ਨੂੰ ਉਮੀਦ ਹੈ ਕਿ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਹੋਰ ਵੀ ਮਜ਼ਬੂਤ ਹੋਣਗੇ।