ਜਣੇਪੇ ਦੌਰਾਨ ਮਾਂ ਦੇ ਪੇਟ ‘ਚ ਬੱਚੇ ਦਾ ਸਿਰ ਛੱਡ ਕੇ ਭੱਜੇ ਡਾਕਟਰ

0
2202

ਹੈਦਰਾਬਾਦ: ਤੇਲੰਗਾਨਾ ਦੇ ਨਾਗਰਕੁਲਨੂਲ ਜ਼ਿਲ੍ਹੇ ਵਿਚ ਜਣੇਪੇ ਦੌਰਾਨ ਇਕ ਨਵਜੰਮੇ ਬੱਚੇ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਦਾ ਇਲਜ਼ਾਮ ਹੈ ਕਿ ਡਿਲੀਵਰੀ ਕਰ ਰਹੀ ਡਾਕਟਰ ਨੇ ਬਹੁਤ ਜ਼ੋਰ ਨਾਲ ਬੱਚੇ ਨੂੰ ਖਿੱਚਿਆ, ਜਿਸ ਨਾਲ ਉਸ ਦਾ ਸਿਰ ਧੜ ਨਾਲੋਂ ਅਲੱਗ ਹੋ ਕੇ ਬਾਹਰ ਆ ਗਿਆ ਅਤੇ ਧੜ ਗਰਭ ਵਿਚ ਹੀ ਰਹਿ ਗਿਆ।
ਬਾਅਦ ਵਿਚ ਔਰਤ ਦੀ ਜਾਨ ਬਚਾਉਣ ਲਈ ਆਪਰੇਸ਼ਨ ਕਰਨਾ ਪਿਆ। ਪਰਿਵਾਰ ਦੀ ਸ਼ਿਕਾਇਤ ‘ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ 23 ਸਾਲ ਦੀ ਸਵਾਤੀ ਨੂੰ 18 ਦਸੰਬਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਡਾਕਟਰਾਂ ਨੇ ਜਾਂਚ ਤੋਂ ਬਾਅਦ ਪਰਿਵਾਰ ਨੂੰ ਜਾਣਕਾਰੀ ਦਿੱਤੀ ਸੀ ਕਿ ਸਵਾਤੀ ਦੀ ਨਾਰਮਲ ਡਿਲੀਵਰੀ ਕਰਵਾਈ ਜਾ ਸਕਦੀ ਹੈ।
ਰਿਪੋਰਟ ਮੁਤਾਬਕ ਸਵਾਤੀ ਨੇ ਪੁਲਿਸ ਨੂੰ ਦੱਸਿਆ, ‘ਮੈਨੂੰ ਇਕ ਇੰਜੈਕਸ਼ਨ ਦਿੱਤਾ ਗਿਆ, ਫਿਰ ਡਿਊਟੀ ‘ਤੇ ਮੌਜੂਦ ਸੁਧਾ ਰਾਣੀ ਨੇ ਡਿਲੀਵਰੀ ਦੀ ਕੋਸ਼ਿਸ਼ ਕੀਤੀ। ਫਿਰ ਅਚਾਨਕ ਉਹ ਉੱਥੋਂ ਭੱਜ ਗਈ। ਕੁਝ ਸਮੇਂ ਬਾਅਦ ਉਹਨਾਂ ਨੇ ਦੋ ਹੋਰ ਪੁਰਸ਼ ਡਾਕਟਰਾਂ ਨੂੰ ਡਿਲੀਵਰੀ ਵਿਚ ਮਦਦ ਕਰਨ ਲਈ ਅੰਦਰ ਬੁਲਾਇਆ। ਕੁਝ ਦੇਰ ਬਾਅਦ ਉਹਨਾਂ ਨੇ ਮੇਰੇ ਪਰਿਵਾਰ ਨੂੰ ਜਾਣਕਾਰੀ ਦਿੱਤੀ ਕਿ ਹਾਲਤ ਗੰਭੀਰ ਹੈ। ਉਹਨਾਂ ਨੇ ਉਸ ਨੂੰ ਦੂਜੇ ਹਸਪਤਾਲ ਭੇਜ ਦਿੱਤਾ।
ਰਿਪੋਰਟ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਨਵਜੰਮੇ ਬੱਚੇ ਦਾ ਸਿਰ ਧੜ ਤੋਂ ਅਲੱਗ ਹੋਣ ਤੋਂ ਬਾਅਦ ਡਾਕਟਰ ਨੇ ਇਹ ਜਾਣਕਾਰੀ ਪਰਿਵਾਰ ਅਤੇ ਦੂਜੇ ਲੋਕਾਂ ਕੋਲੋਂ ਵੀ ਲੁਕੋ ਕੇ ਰੱਖੀ। ਜਦਕਿ ਡਿਲੀਵਰੀ ਵਿਚ ਮਾਂ ਦੇ ਪੇਟ ਵਿਚ ਬੱਚੇ ਦੇ ਫਸੇ ਹੋਣ ਦੀ ਸਥਿਤੀ ਵਿਚ ਉਹਨਾਂ ਨੇ ਉਸ ਨੂੰ ਹਸਪਤਾਲ ਤੋਂ 150 ਕਿਲੋਮੀਟਰ ਦੂਰ ਹੈਦਰਾਬਾਦ ਰੈਫਰ ਕਰ ਦਿੱਤਾ।
ਇਸ ਦੌਰਾਨ ਸਵਾਤੀ ਦੀ ਹਾਲਤ ਕਾਫੀ ਖ਼ਰਾਬ ਹੋ ਗਈ। ਇਸ ਮਾਮਲੇ ‘ਤੇ ਜ਼ਿਲ੍ਹਾ ਕਲੈਕਟਰ ਅਤੇ ਜ਼ਿਲ੍ਹਾ ਸਿਹਤ ਅਧਿਕਾਰੀ ਦੇ ਸੁਧਾਕਰ ਲਾਲ ਨੇ ਮਾਮਲੇ ‘ਤੇ ਐਕਸ਼ਨ ਲੈਂਦੇ ਹੋਏ ਹਸਪਤਾਲ ਪ੍ਰਸ਼ਾਸਨ ਨੂੰ ਇਕ ਨੋਟਿਸ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਹਸਪਤਾਲ ਸੁਪਰਡੈਂਟ ਤਾਰਾ ਸਿੰਘ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਡਾਕਟਰ ਸੁਧਾ ਰਾਣੀ ਨੂੰ ਨਿਲੰਬਿਤ ਕਰ ਦਿੱਤਾ ਹੈ।